
ਮੋਗਾ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਐਲਾਨ ਹੈ ਕਿ ਇਹ ਸੰਘਰਸ਼ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਹ ਕਾਲੇ ਕਨੂੰਨ ਰੱਦ ਨਹੀਂ ਹੁੰਦੇ। ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੋਗਾ ਵਿੱਚ ਕਿਸਾਨਾਂ ਵੱਲੋਂ ਆਪਣੇ ਖੇਤੀ ਔਜਾਰਾਂ ਨੂੰ ਲੈ ਕੇ ਮੋਗਾ ਮੰਡੀ ਵਿੱਚ ਰੋਸ ਰੈਲੀ ਕੱਢੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਤੇ ਮਹਿਲਾਵਾਂ ਸ਼ਾਮਲ ਹੋਈਆਂ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਢੰਗ ਤੋਂ ਚੱਲ ਰਿਹਾ ਹੈ ਤੇ ਇਹ ਓਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਾਲੇ ਕਨੂੰਨ ਰੱਦ ਨਹੀਂ ਹੁੰਦੇ। ਕਿਸਾਨਾਂ ਨੇ ਕਿਹਾ ਕਿ ਅੱਜ ਅਸੀਂ ਇਸ ਰੈਲੀ ਵਿੱਚ ਆਪਣੇ ਖੇਤੀ ਦੇ ਸਾਰੇ ਔਜਾਰ ਲੈ ਕੇ ਆਏ ਹਾਂ, ਕਿਉਂਕਿ ਇਨ੍ਹਾਂ ਔਜਾਰਾਂ ਨਾਲ ਹੀ ਅਸੀਂ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦੇ ਹਾਂ।
ਸਰਕਾਰ ਇਨ੍ਹਾਂ ਔਜਾਰਾਂ ਨੂੰ ਹੀ ਸਾਡੇ ਤੋਂ ਖਿੱਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਪਹਿਲਾਂ ਅਸੀਂ ਦਿੱਲੀ ਵਿੱਚ ਆਪਣੇ ਟਰੈਕਟਰ ਲੈ ਕੇ ਗਏ ਤੇ ਹੁਣ ਅਸੀਂ ਆਪਣੇ ਔਜਾਰਾਂ ਨੂੰ ਦਿੱਲੀ ਲੈ ਕੇ ਜਾਵਾਂਗੇ।
