
ਅਬੋਹਰ20,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਅਬੋਹਰ ਵਿੱਚ ਟਰੇਨ ‘ਚ ਬਾਥਰੂਮ ਗਏ ਬੱਚੇ ਨੂੰ ਲੱਭਣ ਲਈ ਸਾਰੇ ਪਰਿਵਾਰ ਨੇ ਟਰੇਨ ‘ਚੋਂ ਛਾਲ ਮਾਰ ਦਿੱਤੀ ਹੈ। ਜਿਸ ਦੌਰਾਨ ਜ਼ਖ਼ਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਜੀਆਰਪੀ ਪੁਲੀਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਦਰਅਸਲ ‘ਚ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਸੰਗਰੀਆ ਦਾ ਰਹਿਣ ਵਾਲਾ ਇੱਕ ਪਰਿਵਾਰ ਟਰੇਨ ਦੇ ਜ਼ਰੀਏ ਫਾਜ਼ਿਲਕਾ ਜਾ ਰਿਹਾ ਸੀ। ਪਰਿਵਾਰ ਵਿੱਚ ਇੱਕ ਮਾਂ ਆਪਣੇ ਦੋ ਮੁੰਡਿਆਂ ਤੇ ਇੱਕ ਕੁੜੀ ਦੇ ਨਾਲ ਟਰੇਨ ਵਿੱਚ ਸਵਾਰ ਸੀ। ਟਰੇਨ ਜਦੋਂ ਅਬੋਹਰ ਪਹੁੰਚੀ ਤਾਂ ਪਰਿਵਾਰ ਦਾ ਛੋਟਾ ਬੱਚਾ ਟਰੇਨ ਵਿਚ ਬਾਥਰੂਮ ਲਈ ਚਲਾ ਗਿਆ। ਇਸ ਤੋਂ ਪਹਿਲਾਂ ਵਾਪਸ ਆਉਂਦਾ ਟਰੇਨ ਤੁਰ ਪਈ ਤੇ ਮਾਂ ਅਤੇ ਭਾਈ ਨੂੰ ਲੱਗਿਆ ਕਿ ਉਨ੍ਹਾਂ ਦਾ ਬੱਚਾ ਥੱਲੇ ਰਹਿ ਗਿਆ ਹੈ। ਜਿਸ ਨੂੰ ਦੇਖਣ ਲਈ ਪਹਿਲਾਂ ਉਸ ਦਾ ਭਰਾ ਟ੍ਰੇਨ ਦੇ ਗੇਟ ਕੋਲ ਪੁੱਜਾ ਤਾਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਥੱਲੇ ਡਿੱਗ ਗਿਆ। ਜਿਸ ਤੋਂ ਬਾਅਦ ਉਸ ਦੇ ਪਿੱਛੇ ਹੀ ਉਸ ਦੀ ਮਾਂ ਅਤੇ ਉਸਦੀ ਭੈਣ ਨੇ ਵੀ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਇਲਾਜ ਲਈ

ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ,ਜਿੱਥੇ ਇਕ ਦੀ ਹਾਲਤ ਗੰਭੀਰ ਦੇਖ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਉਜੈਨ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਹੜਕੰਪ ਮਚ ਗਿਆ ਸੀ, ਜਦੋਂ ਇਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ।ਜਾਨ ਦੀ ਪ੍ਰਵਾਹ ਕੀਤੇ ਬਿਨਾਂ ਟਰੇਨ ਤੋਂ ਛਾਲ ਮਾਰਨ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਉੱਥੇ ਮੌਜੂਦ ਜੀਆਰਪੀ ਕਾਂਸਟੇਬਲ ਮਹੇਸ਼ ਕੁਸ਼ਵਾਹਾ ਨੇ ਔਰਤ ਨੂੰ ਹੇਠਾਂ ਡਿੱਗਦਾ ਦੇਖ ਕੇ ਉਸ ਦਾ ਹੱਥ ਫੜ ਲਿਆ ਅਤੇ ਖਿੱਚ ਲਿਆ। ਜਿਸ ਕਾਰਨ ਔਰਤ ਟਰੇਨ ਦੀ ਲਪੇਟ ‘ਚ ਆਉਣ ਤੋਂ ਬਚ ਗਈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਤਿੰਨੋਂ ਸੁਰੱਖਿਅਤ ਬਚ ਗਏ। ਇਸ ਦੇ ਨਾਲ ਹੀ ਟਰੇਨ ‘ਚੋਂ ਇਕ ਯਾਤਰੀ ਨੇ ਵੀ ਆਪਣਾ ਸਾਮਾਨ ਬਾਹਰ ਸੁੱਟ ਦਿੱਤਾ। ਇਸ ਦੇ ਨਾਲ ਹੀ ਜੀਆਰਪੀ ਨੇ ਮਹਿਲਾ ਦੀ ਜਾਨ ਬਚਾਉਣ ਵਾਲੇ ਕਾਂਸਟੇਬਲ ਮਹੇਸ਼ ਕੁਸ਼ਵਾਹਾ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।
