*ਟਰਾਂਸਪੋਰਟ ਮੰਤਰੀ ਵੱਲੋਂ ਸਰਕਾਰੀ ਬੱਸਾਂ ਦੀ ਡੀਜ਼ਲ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼*

0
16

ਚੰਡੀਗੜ੍ਹ, 30 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ): ਸਰਕਾਰੀ ਬੱਸਾਂ ਦਾ ਤੇਲ ਚੋਰੀ ਹੋਣ ਦੀਆਂ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਕਿ ਜਨਰਲ ਮੈਨੇਜਰਾਂ ਨੂੰ ਪਲੇਠੀ ਮੀਟਿੰਗ ਦੌਰਾਨ ਹਰ ਬੱਸ ਤੋਂ ਪ੍ਰਤੀ ਲੀਟਰ ਵੱਧ ਤੋਂ ਵੱਧ ਮਾਈਲੇਜ ਯਕੀਨੀ ਬਣਾਉਣ ਸਬੰਧੀ ਦਿੱਤੇ ਗਏ ਨਿਰਦੇਸ਼ ਸਬੰਧੀ ਕੀ ਕਾਰਵਾਈ ਕੀਤੀ ਗਈ ਹੈ।
ਆਪਣੇ ਦਫਤਰ ਵਿਖੇ ਅਧਿਕਾਰੀਆਂ ਨਾਲ ਹੰੰਗਾਮੀ ਮੀਟਿੰਗ ਦੌਰਾਨ ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬੇ ਵਿੱਚ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਅਤੇ ਧਾਂਦਲੀ ਦਾ ਖਾਤਮਾ ਕਰਨ ਦਾ ਪ੍ਰਣ ਲਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਨਰਲ ਮੈਨੇਜਰਾਂ ਤੋਂ ਨਿਰਧਾਰਤ ਟੀਚੇ ਤੋਂ ਘੱਟ ਮਾਈਲੇਜ ਦੇਣ ਵਾਲੇ ਡਰਾਈਵਰਾਂ ਤੋਂ ਰਿਕਵਰੀ ਕਰਨ ਸਬੰਧੀ ਕਾਰਵਾਈ ਰਿਪੋਰਟ ਲੈਣ। ਵਿਭਾਗ ਦੀ ਆਮਦਨ ਵਧਾਉਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਤੇ ਮੁਲਾਜ਼ਮ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਲੋਕਾਂ ਨੂੰ ਖੱਜਲ-ਖੁਆਰੀ ਮੁਕਤ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਲੋਕ-ਪੱਖੀ ਸੇਵਾਵਾਂ ਨੂੰ ਛੇਤੀ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੀਆਂ ਜਨਤਕ ਸੇਵਾਵਾਂ ਆਨਲਾਈਨ ਕਰਨ ਸਬੰਧੀ ਖਰੜਾ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਕੀਤੀ ਜਾਵੇ। ਉਨ੍ਹਾਂ ਉਮੀਦ ਜਤਾਈ ਕਿ ਇਸ ਪ੍ਰਕਿਰਿਆ ਨਾਲ ਜਿੱਥੇ ਲੋਕਾਂ ਨੂੰ ਤੁਰੰਤ ਅਤੇ ਆਸਾਨੀ ਨਾਲ ਸੇਵਾਵਾਂ ਮਿਲਣਗੀਆਂ, ਉਥੇ ਬੱਸ ਪਰਮਿਟ ਦੇਣ ਜਿਹੀ ਸੇਵਾ ਆਨਲਾਈਨ ਕਰਨ ਨਾਲ ਬੱਸ ਮਾਫ਼ੀਆ ਨੂੰ ਵੀ ਠੱਲ੍ਹ ਪਵੇਗੀ।
ਟਰਾਂਸਪੋਰਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਬੱਸਾਂ ਨੂੰ ਅਲਾਟ ਕੀਤੇ ਜਾਂਦੇ ਟਾਈਮ ਟੇਬਲ ਵਿੱਚ ਵੀ ਕਿਸੇ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਸ੍ਰੀ ਵਿਕਾਸ ਗਰਗ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਪਟਿਆਲਾ ਸ੍ਰੀਮਤੀ ਪੂਨਮਦੀਪ ਕੌਰ ਮੌਜੂਦ ਸਨ।————

LEAVE A REPLY

Please enter your comment!
Please enter your name here