ਮਾਨਸਾ 22 ਜੂਨ (ਸਾਰਾ ਯਹਾਂ) : ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਲੰਮਾਂ ਸਮਾਂ ਸੇਵਾ ਕਰਨ, ਮੁਲਾਜਮ ਜਥੇਬੰਦੀ ਦੇ ਆਗੂ ਬਣ ਕੇ ਅਕਾਲੀ ਮੋਦੀ ਸਰਕਾਰਾਂ ਸਮੇਂ ਵੱਖ ਵੱਖ ਥਾਂ ਤੇ ਜਾ ਕੇ ਸੰਘਰਸ਼ ਕਰਨ ਵਾਲੇ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਕਰੀਬੀ ਬਿੱਕਰ ਸਿੰਘ ਮੰਘਾਣੀਆਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਬੀਸੀ ਵਿੰਗ ਦੇ ਜਰਨਲ ਸਕੱਤਰ ਪੰਜਾਬ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਨੂੰ ਛੱਡਣ ਤੋਂ ਪਹਿਲਾਂ ਕੁੱਝ ਅਕਾਲੀ ਦਲ ਆਗੂਆਂ ਨੇ ਉਨ੍ਹਾਂ ਨੂੰ ਮੰਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਹਾਲੇ ਤੱਕ ਉਹ ਕਿਸੇ ਵੀ ਹੋਰ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਹਨ। ਬਿੱਕਰ ਸਿੰਘ ਮੰਘਾਣੀਆਂ ਅਕਾਲੀ ਦਲ ਵਿੱਚ ਵੱਡਾ ਕੱਦ ਰੱਖਦੇ ਸਨ, ਜਿੰਨਾਂ ਦਾ ਮੁਲਾਜਮਾਂ ਅਤੇ ਆਮ ਲੋਕਾਂ ਵਿੱਚ ਕਾਫੀ ਜਨ ਅਧਾਰ ਹੈ, ਪਰ ਹੁਣ ਉਨ੍ਹਾਂ ਨੇ ਅਕਾਲੀ ਦਲ ਨੂੰ ਹਮੇਸ਼ਾ ਲਈ ਛੱਡ ਦਿੱਤਾ ਹੈ। ਬਿੱਕਰ ਸਿੰਘ ਮੰਘਾਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਲੰਮਾਂ ਸਮਾਂ ਉਨ੍ਹਾਂ ਨੇ ਨਿਰਸਵਾਰਥ ਹੋ ਕੇ ਸੇਵਾ ਕੀਤੀ ਅਤੇ ਕਦੇ ਕਿਸੇ ਅਹੁਦੇ ਜਾਂ ਚੋਣ ਲੜਨ ਦਾ ਲਾਲਚ ਨਹੀਂ ਕੀਤਾ, ਬਲਕਿ ਮੁਲਾਜਮ ਹੁੰਦੇ ਸਮੇਂ ਅਕਾਲੀ ਦਲ ਦੀ ਬਿਜਲੀ ਬੋਰਡ ਵਿੱਚ ਜਥੇਬੰਦੀ ਬਣਾ ਕੇ ਲੰਮਾਂ ਸਮਾਂ ਮੁਲਾਜਮਾਂ ਦੀਆਂ ਮੰਗਾਂ ਲਈ ਲੜਦੇ ਰਹੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਲਾ ਨਹੀਂ ਰਿਹਾ ਹੈ। ਪਾਰਟੀ ਦੇ ਸਥਾਨਕ ਆਗੂਆਂ ਨੇ ਮਿਹਨਤੀ ਟਕਸਾਲੀ ਅਤੇ ਕੰਮ ਕਰਨ ਵਾਲੇ ਆਗੂਆਂ ਦੀ ਕਦਰ ਘਟਾ ਦਿੱਤੀ ਹੈ। ਜਿੰਨਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਇਸ ਕਰਕੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮਨੋਬਲ ਡਿੱਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਵਿੱਚ ਮਾੜੇ ਅਨਸਰਾਂ ਅਤੇ ਮੌਕਾ ਪ੍ਰਸਤਾ ਦੀ ਪੁੱਛ ਪ੍ਰਤੀਤ ਹੈ, ਜੋ ਪਾਰਟੀ ਦਾ ਅੰਦਰਖਾਤੇ ਵਿਰੋਧ ਕਰਦੇ ਹਨ, ਪਰ ਸਥਾਨਕ ਟਕਸਾਲੀ ਆਗੂਆਂ ਨੂੰ ਖੂੰਜੇ ਲਗਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਕਾਲੀ ਦਲ ਦਾ ਲੋਕਾਂ ਵਿੱਚ ਅਕਸ ਖਰਾਬ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਹਲਾਤ ਵਿੱਚ ਅਕਾਲੀ ਦਲ ਦੀ ਅਗਲੇ ਸਮੇਂ ਵਿੱਚ ਸਰਕਾਰ ਬਣਨੀ ਨਾ ਮੁਮਕਿਨ ਹੈ। ਬਿੱਕਰ ਸਿੰਘ ਮੰਘਾਣੀਆਂ ਨੇ ਕਿਹਾ ਕਿ ਹਾਲੇ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਹੇ, ਪਰ ਅਕਾਲੀ ਦਲ ਵਿੱਚ ਵਾਪਸੀ ਦਾ ਉਨ੍ਹਾਂ ਦਾ ਕੋਈ ਵੀ ਇਰਾਦਾ ਨਹੀਂ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਅਤੇ ਗਿਲੇ ਸ਼ਿਕਵੇ ਸਥਾਨਕ ਅਕਾਲੀ ਆਗੂਆਂ ਦੇ ਧਿਆਨ ਵਿੱਚ ਲਿਆ ਦਿੱਤੇ ਹਨ ਅਤੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।