
ਮਾਨਸਾ, 27 ਮਈ. (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਰਾਸ਼ੀ ਦਿੱਤੀ ਜਾਣੀ ਹੈ, ਜਿਸ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਪੋਰਟਲ http://agrimachinerypb.com/home/DSR22 ’ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਰਜਿਸਟਰ ਕਰਨਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪੋਰਟਲ ਹਰੇਕ ਕਿਸਾਨ, ਜਿਸ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਬਾਰੇ ਮੁੱਢਲੇ ਅੰਕੜਿਆਂ ਨੂੰ ਇਕੱਠਾ ਕਰਨ ਵਿੱਚ ਸਹਾਈ ਹੋਣ ਤੋਂ ਇਲਾਵਾ ਪੁਖਤਾ ਤਸਦੀਕ ਤੋਂ ਬਾਅਦ ਯੋਗ ਲਾਭਪਾਤਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ 1500/- ਰੁਪਏ ਪ੍ਰਤੀ ਏਕੜ ਦੀ ਅਦਾਇਗੀ ਯਕੀਨੀ ਬਣਾਏਗਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਲਾਭਪਾਤਰੀ ਕਿਸਾਨ ਲਿੰਕ ਖੋਲ ਕੇ ਆਪਣਾ ਆਧਾਰ ਕਾਰਡ ਨੰਬਰ ਭਰਨ ਉਪਰੰਤ ਆਪਣੇ ਪਿੰਡ ਦਾ ਨਾਮ ਭਰਨਗੇ। ਇਸ ਉਪਰੰਤ ਲਾਭਪਾਤਰੀ ਕਿਸਾਨ ਵੱਲੋਂ ਉਨਾਂ ਦੇ ਖੇਤ ਦਾ ਖੇਵਟ/ਖਸਰਾ ਨੰਬਰ ਭਰਨਾ ਹੋਵੇਗਾ, ਜਿੱਥੇ ਸਿੱਧੀ ਬਿਜਾਈ ਕਰਨੀ ਹੈ। ਉਨਾਂ ਦੱਸਿਆ ਕਿ ਖਸਰਾ ਨੰਬਰ ਭਰਨ ਉਪਰੰਤ ਸਬਮਿਟ ਕਰਨ ਲਈ ਕਲਿੱਕ ਵਾਲਾ ਬਟਨ ਦਬਾਉਣਾ ਹੋਵੇਗਾ। ਲਾਭਪਾਤਰੀ ਕਿਸਾਨ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ 5 ਜੂਨ 2022 ਤੱਕ ਐਡਿਟ ਜਾਂ ਤਬਦੀਲੀ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਸਦੀਕ ਕਰਨ ਲਈ ਖੇਤੀਬਾੜੀ, ਪੇਂਡੂ ਵਿਕਾਸ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਨੂੰ ਬਤੌਰ ਵੈਰੀਫਾਇਰ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ 18 ਜੂਨ ਤੋਂ 24 ਜੂਨ ਤੱਕ ਅਤੇ 25 ਜੂਨ ਤੋਂ 30 ਜੂਨ 2022 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਤਸਦੀਕ ਕਰਨਗੇ।
ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਝੋਨੇ ਦੀ ਕਾਸ਼ਤ ਕਰਨ ਨਾਲ 15-20 ਫੀਸਦੀ ਬੱਚਤ ਹੁੰਦੀ ਹੈ, ਜ਼ਮੀਨ ਵਿੱਚ ਪਾਣੀ ਰਿਸਣ ਵਿੱਚ ਸੁਧਾਰ ਕਰਦੀ ਹੈ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ। ਉਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ।
