
ਮਾਨਸਾ, 13 ਸਤੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ, ਭੀਖੀ ਡਾ.ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਭੀਖੀ ਵਿਖੇ ਆਈ.ਸੀ.ਈ/ਸੀ.ਆਰ.ਐਮ ਸਕੀਮ 2023-24 ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ, ਰਹਿੰਦ-ਖੂਹੰਦ ਨੂੰ ਬਿਨਾਂ ਅੱਗ ਲਗਾਇਆ ਕਣਕ ਦੀ ਬਿਜਾਈ ਕਰਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ.ਨਰਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਭੀਖੀ ਵੱਲੋ ਕਿਸਾਨਾਂ ਨਾਲ ਖੇਤੀਬਾੜੀ ਮਸ਼ੀਨਾਂ/ਸੰਦਾ ’ਤੇ ਮਿਲਣ ਵਾਲੀ ਸਬਸਿਡੀ ਬਾਬਤ ਵਿਚਾਰ ਸਾਂਝੇ ਕੀਤੇ ਗਏ।

ਉਨ੍ਹਾਂ ਕਿਸਾਨਾਂ ਨਾਲ ਐੱਕਸ-ਸੀਟੂ ਅਤੇ ਇਨ-ਸੀਟੂ ਵਿਧੀ ਰਾਹੀਂ ਪਰਾਲੀ ਪ੍ਰਬੰਧਨ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਡਾ.ਜਰਮਨਜੋਤ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫਸਰ, ਅਲੀਸੇਰ ਕਲਾਂ ਵੱਲੋ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੀ ਖੇਤ ਵਿੱੱਚ ਹੀ ਸੁਚੱਜੀ ਵਰਤੋਂ ਕਰਨ ਸਬੰਧੀ ਲਈ ਪ੍ਰੇਰਿਆ।

ਡਾ.ਅਮਨਦੀਪ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫਸਰ, ਭੀਖੀ ਵੱਲੋ ਕਿਸਾਨਾਂ ਨਾਲ ਝੋਨੇ ਦੀ ਪਰਾਲੀ ਨੂੰ ਸਾੜਨ ’ਤੇ ਖੇਤ ਦੀ ਮਿੱਟੀ , ਹਵਾ, ਮਨੁੱਖਤਾ, ਵਾਤਾਵਰਣ, ਪਾਣੀ, ਪਸ਼ੂ, ਪੰਛੀ ਅਤੇ ਜਾਨਵਰਾਂ ਨੂੰ ਹੋਣ ਵਾਲੇ ਮਾਰੂ ਨੁਕਸਾਨਾਂ ਬਾਰੇ ਤਕਨੀਕੀ ਚਰਚਾ ਕੀਤੀ ਗਈ। ਕੈਂਪ ਵਿੱਚ ਕਿਸਾਨਾਂ ਵੱਲੋ ਨਿੱਜੀ ਪੱਧਰ ’ਤੇ ਪਰਾਲੀ ਪ੍ਰਬੰਧਨ ਕਰਨ ਲਈ ਸਹਿਯੋਗ ਦੇਣ ਦੀ ਸਹਿਮਤੀ ਵੀ ਦਿੱਤੀ ਗਈ।

ਇਸ ਮੌਕੇ ਸ੍ਰੀ ਮਨੋਜ ਕੁਮਾਰ ਖੇਤੀਬਾੜੀ ਉਪ-ਨਿਰੀਖਕ ਹਮੀਰਗੜ੍ਹ ਢੈਪਈ, ਬਲਾਕ ਭੀਖੀ, ਸ੍ਰੀ ਅਮਰੀਕ ਸਿੰਘ, ਬੇਲਦਾਰ ਅਤੇ ਸ੍ਰੀ ਅਰਸ਼ਦੀਪ ਸਿੰਘ, ਬੇਲਦਾਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਕਿਸਾਨ ਹਾਜ਼ਰ ਸਨ।
