
ਮਾਨਸਾ, 22 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਆਧੁਨਿਕ ਸੰਦਾਂ ਦੀ ਮਦਦ ਨਾਲ ਕਣਕ ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਅਗਾਂਹਵਧੂ ਕਿਸਾਨ ਸ਼੍ਰੀ ਦਰਸ਼ਨ ਸਿੰਘ ਪੁੱਤਰ ਸ਼੍ਰੀ ਦਰਬਾਰਾ ਸਿੰਘ ਪਿੰਡ ਦੂਲੋਵਾਲ ਵੱਲੋਂ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਸੁਪਰ ਸੀਡਰ ਦੀ ਮਦਦ ਨਾਲ ਆਪਣੇ 15 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਿਸਾਨ ਦੂਸਰੇ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਰਾਹ ਦਸੇਰਾ ਬਣਦੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਸਾੜਨ ਦੀ ਥਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਆਪਣੇ ਖਰਚੇ ਘਟਾਉਣ ਅਤੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ।
ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਨੂੰ ਬਹੁਤ ਧਿਆਨਪੂਰਵਕ ਸੁਣਦੇ ਹਨ ਅਤੇ ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ। ਉਹ ਆਧੁਨਿਕ ਤਕਨੀਕਾਂ ਅਤੇ ਸੰਦਾਂ ਦੀ ਵਰਤੋਂ ਕਰਕੇ ਬਿਜਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਖੇਤ ਦੀ ਵਹਾਈ ਉਪਰ ਹੋਣ ਵਾਲਾ ਖਰਚਾ ਵੀ ਬਚਦਾ ਹੈ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਜਸਲੀਨ ਕੌਰ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਗੁਰਬਖ਼ਸ਼ ਸਿੰਘ, ਦਵਿੰਦਰ ਸਿੰਘ ਵੀ ਮੌਜੂਦ ਸਨ।
