ਮਾਨਸਾ, 10 ਜੁਲਾਈ (ਸਾਰਾ ਯਹਾਂ/ਔਲਖ) : ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਬਰੇਟਾ ਖੇਤਰ ਵਿੱਚ ਇੱਕ ਸਿਹਤ ਕਰਮਚਾਰੀ ਮਨਜੀਤ ਕੌਰ ਤੋਂ ਕੋਵਿਡ ਟੀਕਾਕਰਨ ਦੀ ਰਜਿਸਟਰੇਸ਼ਨ ਸਮੇਂ ਨਾਮ ਆਦਿ ਦੀ ਕਲੈਰੀਕਲ ਗਲਤੀ ਹੋਣ ਪਿੱਛੋਂ ਲਾਭਪਾਤਰੀ ਦੇ ਪਰਿਵਾਰ ਵੱਲੋਂ ਟੀਕਾਕਰਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਖਿੱਚ ਧੂਹ ਕੀਤੀ। ਟੀਕਾਕਰਮੀ ਨੇ ਗੱਲ਼ਤੀ ਨੂੰ ਦਰੁਸਤ ਕਰਵਾ ਦੇਣ ਦੀ ਗੱਲ ਕਹੀ ਪਰ ਲਾਭਪਾਤਰੀ ਦੇ ਪਰਿਵਾਰ ਨੇ ਸਿਆਸੀ ਅਤੇ ਪੈਸੇ ਦਾ ਰਸੂਖ਼ ਦਿਖਾਉਂਦੇ ਉਲਟਾ ਸਿਹਤ ਕਰਮਚਾਰੀ ਮਨਜੀਤ ਕੌਰ ਤੇ ਖਿੱਚਧੂਹ, ਧਮਕੀਆਂ ਆਦਿ ਦੇ ਆਰੋਪ ਲਗਾ ਕੇ ਪਰਚਾ ਦਰਜ ਕਰਵਾ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਸ ਐਂਚ ਓ ਬਰੇਟਾ ਨੇ ਬਿਨਾਂ ਕਿਸੇ ਵਿਸ਼ੇਸ਼ ਤਫਤੀਸ਼ ਅਤੇ ਬਿਨਾਂ ਕਿਸੇ ਉੱਚ ਸਿਹਤ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਿਆਂ ਇੱਕ ਸਿਹਤ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਉੱਤੇ ਸੰਗੀਨ ਪਰਚਾ ਦਰਜ ਕਰ ਲਿਆ। ਇਸਦਾ ਸਾਰੀਆਂ ਹੀ ਸਿਹਤ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਅੱਜ ਐਸ ਡੀ ਐਚ ਬੁਢਲਾਡਾ ਵਿਖੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ, ਫਾਰਮੇਸੀ ਅਫਸਰ ਯੂਨੀਅਨ, ਸਟਾਫ ਨਰਸ ਐਸੋਸੀਏਸ਼ਨ, ਕਲਾਸ ਫੋਰ ਯੂਨੀਅਨ, ਆਸ਼ਾ ਵਰਕਰ ਯੂਨੀਅਨ ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਵਿਸ਼ਾਲ ਧਰਨਾ ਲਾਇਆ ਅਤੇ ਐਸ ਐਚ ਓ ਬਰੇਟਾ, ਐਸ ਡੀ ਐਮ ਬੁਢਲਾਡਾ, ਤਹਿਸੀਲਦਾਰ ਬੁਢਲਾਡਾ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਪਿੱਟ ਸਿਆਪਾ ਕੀਤਾ। ਕੇਵਲ ਸਿੰਘ, ਜਗਦੀਸ਼ ਸਿੰਘ, ਚਾਨਣ ਦੀਪ ਸਿੰਘ, ਪ੍ਰਿੰਸ ਪਾਲ, ਜਗਸੀਰ ਸਿੰਘ, ਚਰਨਜੀਤ ਕੌਰ,ਸੁਖਵਿੰਦਰ ਕੌਰ ਆਦਿ ਵੱਖ-ਵੱਖ ਜੱਥੇਬੰਦੀਆਂ ਦੇ
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਇਹ ਝੂਠਾ ਪਰਚਾ ਰੱਦ ਨਹੀਂ ਕੀਤਾ ਜਾਂਦਾ ਕੋਵਿਡ ਸੈਂਪਲਿੰਗ, ਟੀਕਾਕਰਨ ਸਮੇਤ ਜ਼ਿਲ੍ਹੇ ਭਰ ਦੀਆਂ ਸਮੂਚੀਆਂ ਸਿਹਤ ਸੇਵਾਵਾਂ ਠੱਪ ਰਹਿਣਗੀਆਂ ਅਤੇ ਸੋਮਵਾਰ ਨੂੰ ਮਾਨਸਾ ਜ਼ਿਲੇ ਦੇ ਸਮੂਹ ਸਿਹਤ ਕਰਮਚਾਰੀ ਬੁਢਲਾਡਾ ਵਿਖੇ ਵਿਸ਼ਾਲ ਧਰਨਾ ਦੇਣਗੇ। ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਦਵਾਏ ਭਰੋਸੇ ਮੁਤਾਬਕ ਜੇਕਰ ਸੋਮਵਾਰ 12 ਵਜੇ ਤੱਕ ਇਹ ਪਰਚਾ ਰੱਦ ਨਾ ਹੋਇਆ ਤਾਂ ਇਨ੍ਹਾਂ ਪ੍ਰਸ਼ਾਸਨਕ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਅਮਰਜੀਤ ਸਿੰਘ, ਸੰਜੀਵ ਕੁਮਾਰ, ਅਰੁਣ ਕੁਮਾਰ, ਰਵਿੰਦਰ ਸ਼ਰਮਾ, ਬੰਤ ਸਿੰਘ, ਸ਼ਮਸ਼ੇਰ ਸਿੰਘ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਕੌਰ, ਪ੍ਰਭਜੋਤ, ਬਲਵਿੰਦਰ ਕੌਰ, ਰਮਨਦੀਪ ਕੌਰ, ਪੰਮੀ ਕੌਰ, ਰਜਨੀ ਜੋਸ਼ੀ, ਕਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।