ਸਰਦੂਲਗੜ੍ਹ 16 ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਪੰਚਾਇਤ ਯੂਨੀਅਨ ਸਰਦੂਲਗਡ਼੍ਹ, ਝੁਨੀਰ ਅਤੇ ਮਾਨਸਾ ਦੀ ਇੱਕ ਮੀਟਿੰਗ ਬਲਾਕ ਝੁਨੀਰ ਵਿਖੇ ਹੋਈ। ਇਹ ਮੀਟਿੰਗ ਪੰਚਾਇਤ ਯੂਨੀਅਨ ਝੁਨੀਰ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਸਰਦੂਲਗੜ੍ਹ,ਝੁਨੀਰ ਅਤੇ ਮਾਨਸਾ ਬਲਾਕ ਦੇ ਸਰਪੰਚਾਂ ਨੇ ਭਾਗ ਲਿਆ। ਮੀਟਿੰਗ ਚ ਪੰਚਾਇਤਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਸਰਪੰਚ ਗੁਰਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਹੀ ਪੰਚਾਇਤਾਂ ਨੂੰ ਮਟੀਰੀਅਲ ਦੇ ਸਰਕਾਰੀ ਰੇਟਾ ਦੀ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਪਿੰਡਾਂ ਚ ਚਲ ਰਹੇ ਵਿਕਾਸ ਕਾਰਜਾਂ ਨੂੰ ਪੂਰੇ ਕਰਨ ਲਈ ਜੋ ਮਟੀਰੀਅਲ ਦੀ ਜਰੂਰਤ ਹੈ ਉਸ ਦੇ ਸਰਕਾਰੀ ਰੇਟ ਪੁਰਾਣੇ ਹਨ ਜਦ ਕਿ ਮੌਜੂਦਾ ਮਾਰਕੀਟ ਦੇ ਰੇਟ ਸਰਕਾਰੀ ਰੇਟਾ ਤੋ ਕਿਤੇ ਜਿਆਦਾ ਹਨ ਜਿਸ ਕਰਕੇ ਪੰਚਾਇਤਾਂ ਨੂੰ ਵਿਕਾਸ ਕਾਰਜ ਪੂਰੇ ਕਰਨ ਚ ਬਹੁਤ ਮੁਸਕਲ ਆ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੰਚਾਇਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਮਟੀਰੀਅਲ ਦੇ ਸਰਕਾਰੀ ਰੇਟ ਮਾਰਕੀਟ ਰੇਟ ਦੇ ਬਰਾਬਰ ਕੀਤੇ ਜਾਣ। ਤਾਂ ਕਿ ਵਿਕਾਸ ਕਾਰਜ ਸਹੀ ਢੰਗ ਨਾਲ ਕਰਾਏ ਜਾਣ। ਉਨ੍ਹਾਂ ਦੱਸਿਆ ਕਿ ਬਜਰੀ ਦਾ ਸਰਕਾਰੀ ਰੇਟ 87 ਰੁਪਏ ਪ੍ਰਤੀ ਕੁਇਟਲ ਹੈ ਅਤੇ ਮਾਰਕੀਟ ਵਿੱਚ ਬਜਰੀ 100 ਰੁਪਏ ਪ੍ਰਤੀ ਕੁਇਟਲ ਤੋਂ ਵੀ ਉੱਪਰ ਮਿਲ ਰਹੀ ਹੈ। ਇਸੇ ਤਰ੍ਹਾਂ ਰੇਤੇ ਦਾ ਸਰਕਾਰੀ ਰੇਟ 85 ਰੁਪਏ ਪ੍ਰਤੀ ਕੁਇਟਲ ਹੈ ਜਦਕਿ ਮਾਰਕੀਟ ਵਿੱਚ 110 ਰੁਪਏ ਪ੍ਰਤੀ ਕੁਇਟਲ ਹੈ ਅਤੇ ਸੀਮਿੰਟ ਦਾ ਸਰਕਾਰੀ ਰੇਟ 360 ਰੁਪਏ ਪ੍ਰਤੀ ਗੱਟਾ ਹੈ ਜਦਕਿ ਮਾਰਕੀਟ ਵਿੱਚ ਸੀਮਿੰਟ 380 ਰੁਪਏ ਗੱਟਾ ਮਿਲ ਰਿਹਾ ਹੈ । ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਮਟੀਰੀਅਲ ਦੇ ਰੇਟਾਂ ਨੂੰ ਮਾਰਕੀਟ ਰੇਟਾਂ ਦੇ ਬਰਾਬਰ ਕੀਤਾ ਜਾਵੇ। ਜੇਕਰ ਸਰਕਾਰ ਨੇ ਸਮੂਹ ਪੰਚਾਇਤਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਚਾਇਤਾਂ ਪਿੰਡਾਂ ਅੰਦਰ ਹੋ ਰਹੇ ਵਿਕਾਸ ਕਾਰਜ ਨੂੰ ਬੰਦ ਕਰਨ ਲਈ ਮਜਬੂਰ ਹੋਣਗੀਆਂ। ਇਸ ਮੋਕੇ ਪੰਚਾਇਤ ਯੂਨੀਅਨ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਸਰਪੰਚ ਜਗਜੀਤ ਸਿੰਘ ਆਲੂਪੁਰ, ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ, ਸਰਪੰਚ ਕੁਲਵੀਰ ਸਿੰਘ ਝੰਡਾ ਕਲਾਂ, ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਸਰਪੰਚ ਬਲਵਿੰਦਰ ਸਿੰਘ ਚੇਨੈਵਾਲਾ, ਸਰਪੰਚ ਬਲਵੰਤ ਸਿੰਘ ਕੋਰਵਾਲਾ, ਸਰਪੰਚ ਕੁਲਵਿੰਦਰ ਸਿੰਘ ਰਾਏਪੁਰ 2, ਸਰਪੰਚ ਬਲਰਾਜ ਸਿੰਘ ਪੇਰੋ, ਲਾਭ ਸਿੰਘ ਲਾਲਿਆਵਾਲੀ, ਟੇਕ ਸਿੰਘ ਬੀਰੇਵਾਲਾ ਆਦਿ ਹਾਜ਼ਰ ਸਨ।
ਕੈਪਸ਼ਨ: ਝੁਨੀਰ ਮੀਟਿੰਗ ਦੌਰਾਨ ਸਮੂਹ ਸਰਪੰਚ ਜਾਣਕਾਰੀ ਦਿੰਦੇ ਹੋਏ।