ਅੰਮ੍ਰਿਤਸਰ 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਤਿੰਨ ਦਿਨ ਪਹਿਲਾਂ ਪ੍ਰਾਈਵੇਟ ਹਸਪਤਾਲ ‘ਚ ਹੋਈ ਗੈਂਗਵਾਰ ‘ਚ ਮਾਰੇ ਗਏ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪ੍ਰੋਡਕਸ਼ਨ ਵਾਰੰਟ ਬਾਰੇ ਅਦਾਲਤ ਕੱਲ੍ਹ ਫੈਸਲਾ ਲਵੇਗੀ।
ਅੰਮ੍ਰਿਤਸਰ ਦੇ ਡੀਸੀਪੀ (ਡੀ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਦਾਲਤ ਵੱਲੋਂ ਭਲਕੇ ਪੁਲਿਸ ਦੀ ਅਰਜ਼ੀ ‘ਤੇ ਫੈਸਲਾ ਲਿਆ ਜਾ ਸਕਦਾ ਹੈ ਜਦਕਿ ਅੰਮ੍ਰਿਤਸਰ ਪੁਲਿਸ ਦੀ ਅਰਜ਼ੀ ‘ਤੇ ਅਦਾਲਤ ਨੇ ਇੱਕ ਹੋਰ ਮੁਲਜ਼ਮ ਦਾ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਹੈ।
ਪੁਲਿਸ ਨੂੰ ਅੰਮ੍ਰਿਤਸਰ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਮਿਲਣ ਮਗਰੋਂ ਦਿੱਲੀ ਦੀ ਅਦਾਲਤ ਤੋਂ ਵੀ ਮਨਜੂਰੀ ਲੈਣੀ ਹੋਵੇਗੀ, ਕਿਉਂਕਿ ਜੱਗੂ ਭਗਵਾਨਪੁਰੀਆ ਦਿੱਲੀ ਦੀ ਜੇਲ੍ਹ ‘ਚ ਨਜਰਬੰਦ ਹੈ। ਭੁੱਲਰ ਮੁਤਾਬਕ ਹਸਪਤਾਲ ਵਾਲੀ ਘਟਨਾ ‘ਚ ਹਮਲਾਵਰਾਂ ‘ਚੋਂ ਵੀ ਇੱਕ ਮੁਲਜ਼ਮ ਜ਼ਖਮੀ ਹੋਇਆ ਸੀ। ਪੁਲਿਸ ਨੂੰ ਉਸ ਬਾਬਤ ਅਹਿਮ ਸੁਰਾਗ ਹੱਥ ਲੱਗੇ ਹਨ ਤੇ ਉਸ ਮੁਲਜ਼ਮ ਨੂੰ ਪਨਾਹ ਦੇਣ ਵਾਲਿਆਂ ਤੇ ਇਲਾਜ ਕਰਨ ਵਾਲਿਆਂ ਬਾਰੇ ਪੁਲਿਸ ਕੋਲ ਅਹਿਮ ਸਬੂਤ ਹਨ। ਛੇਤੀ ਹੀ ਇਸ ਮਾਮਲੇ ‘ਚ ਪੁਲਿਸ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਬਾਕੀ ਨਾਮਜਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜ਼ਖਮੀ ਰਾਣਾ ਦਾ ਸਾਥੀ ਤੇ ਹਸਪਤਾਲ ਦੇ ਸੁਰੱਖਿਆ ਗਾਰਡ ਦਾ ਅੰਮ੍ਰਿਤਸਰ ਦੇ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।