*ਜੰਤਰ ਮੰਤਰ ’ਤੇ ਕਿਸਾਨਾਂ ਦੀ ਸੰਸਦ ਨਾਲ ਦਿੱਲੀ ‘ਚ ਹਿੱਲਜੁੱਲ, ਵਿਰੋਧੀ ਧਿਰਾਂ ਤੇ ਸਰਕਾਰ ਵੀ ਐਕਸ਼ਨ ਮੋਡ ‘ਚ*

0
39

ਨਵੀਂ ਦਿੱਲੀ 22,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਜੰਤਰ ਮੰਤਰ ’ਤੇ ਕਿਸਾਨਾਂ ਦੀ ਸੰਸਦ ਨਾਲ ਅੱਜ ਦਿੱਲੀ ‘ਚ ਹਿੱਲਜੁੱਲ ਨਜ਼ਰ ਆਈ। ਵਿਰੋਧੀ ਧਿਰਾਂ ਤੇ ਸਰਕਾਰ ਵੀ ਐਕਸ਼ਨ ਮੋਡ ‘ਚ ਦਿੱਖੀਆਂ। ਕਿਸਾਨਾਂ ਨੇ ਜੰਤਰ ਮੰਤਰ ’ਤੇ ਕਿਸਾਨ ਸੰਸਦ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਿਸਾਨ ਮੁੱਦਿਆਂ ਤੇ ਖੇਤੀ ਕਾਨੂੰਨਾਂ ਬਾਰੇ ਚਰਚਾ ਹੋਈ।

ਕਿਸਾਨ ਸੰਸਦ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਹਨਾਨ ਮੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਚੁੱਕਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਿਆ ਹੈ ਪਰ ਸੰਸਦ ਵਿੱਚ ਕਿਸਾਨਾਂ ਦੇ ਮਸਲੇ ਨਹੀਂ ਚੁੱਕੇ ਜਾ ਰਹੇ। ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਜੰਤਰ ਮੰਤਰ ’ਤੇ ਸਰਕਾਰ ਕੋਲ ਇਹ ਸਾਬਤ ਕਰਨ ਆਏ ਹਨ ਕਿ ਉਹ ਮੂਰਖ ਨਹੀਂ। ਬਰਤਾਨੀਆਂ ਦੀ ਸੰਸਦ ਵਿੱਚ ਕਿਸਾਨਾਂ ਦੇ ਮਸਲਿਆਂ ’ਤੇ ਚਰਚਾ ਹੋ ਰਹੀ ਹੈ ਪਰ ਸਾਡੀ ਸਰਕਾਰ ਚੁੱਪ ਕਰਕੇ ਬੈਠੀ ਹੈ।

ਉਧਰ, ਕਿਸਾਨਾਂ ਦੇ ਐਕਸ਼ਨ ਦਾ ਵਿਰੋਧੀ ਧਿਰ ਕਾਂਗਰਸ ਵੀ ਹਰਕਤ ਵਿੱਚ ਦਿੱਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ। ਸੰਸਦ ਭਵਨ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕੀਤੇ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਦੋਵਾਂ ਸਦਨਾਂ ਦੇ ਕਈ ਮੈਂਬਰਾਂ ਨੇ ਹਿੱਸਾ ਲਿਆ।

ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਗੌਰਵ ਗੋਗੋਈ, ਰਵਨੀਤ ਬਿੱਟੂ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਈ ਸੰਸਦ ਮੈਂਬਰ ਇਸ ਧਰਨੇ ਵਿੱਚ ਸ਼ਾਮਲ ਹੋਏ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ‘ਕਾਲੇ ਕਾਨੂੰਨਾਂ ਨੂੰ ਵਾਪਸ ਲਓ’ ਤੇ ‘ਪ੍ਰਧਾਨ ਮੰਤਰੀ ਇਨਸਾਫ਼ ਕਰੋ’ ਦੇ ਨਾਅਰੇ ਲਗਾਏ।

ਇਸ ਦੇ ਨਾਲ ਹੀ ਪਾਰਲੀਮੈਂਟ ਵੀ ਕਿਸਾਨਾਂ ਦਾ ਮੁੱਦਾ ਗੂੰਜਿਆ। ਕਈ ਦਲਾਂ ਦੇ ਮੈਂਬਰਾਂ ਵੱਲੋਂ ਜ਼ੋਰਦਾਰ ਆਵਾਜ਼ ਉਠਾਉਣ ਨਾਲ ਅੱਜ ਸੰਸਦ ਦੀ ਕਾਰਵਾਈ ਕਈ ਵਾਰ ਠੱਪ ਕਰਨੀ ਪਈ। ਰੌਲੇ ਰੱਪੇ ਕਾਰਨ ਸਿਫ਼ਰ ਕਾਲ ਵੀ ਨਹੀਂ ਹੋ ਸਕਿਆ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਮੁੜ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਬਸ਼ਰਤੇ ਉਹ ਇਹ ਤਾਂ ਦੱਸਣ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਵਿਚਲੀ ਕਿਹੜੀ ਮੱਦ ’ਤੇ ਇਤਰਾਜ਼ ਹੈ।

ਤੋਮਰ ਨੇ ਕਿਹਾ, “ਅੱਜ ਵੀ ਜੇ ਉਹ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਕਾਨੂੰਨਾਂ ਦੀ ਕਿਸ ਮੱਦ ਬਾਰੇ ਇਤਰਾਜ਼ ਹੈ ਅਸੀਂ ਉਸ ਬਾਰੇ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ।” ਉਨ੍ਹਾਂ ਸੰਸਦ ਦੇ ਬਾਹਰ ਦਾਅਵਾ ਕੀਤਾ ਕਿ ਦੇਸ਼ ਗਵਾਹ ਹੈ ਕਿ ਕਾਨੂੰਨ ਕਿਸਾਨ ਪੱਖੀ ਹਨ ਅਤੇ ਸਾਰਿਆਂ ਦੇ ਹਿੱਤਾਂ ਵਿੱਚ ਹਨ।

NO COMMENTS