
ਚੰਡੀਗੜ੍ਹ, 25 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਇਸੇ ਸਿਲਸਿਲੇ ਤਹਿਤ ਸਰਕਾਰ ਵੱਲੋਂ ਵਣ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਹ ਵਿਚਾਰ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਸੈਕਟਰ-68 ਦੇ ਵਣ ਕੰਪਲੈਕਸ ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫ਼ਿਸਰਜ਼ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ ਗਏ।
ਇਸ ਮੀਟਿੰਗ ਦੌਰਾਨ ਮੁਲਾਜ਼ਮਾਂ ਖਾਸ ਕਰਕੇ ਫਾਰੈਸਟ ਗਾਰਡਜ਼ ਦੀ ਸੁਰੱਖਿਆ ਦੇ ਮੁੱਦੇ ਨੂੰ ਪੂਰਨ ਗੰਭੀਰਤਾ ਨਾਲ ਲੈਂਦੇ ਹੋਏ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਰੇਂਜ ਪੱਧਰ ‘ਤੇ ਰਾਤ ਦੇ ਸਮੇਂ ਟੁਕੜੀਆਂ ਵਿੱਚ ਗਸ਼ਤ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੋ ਕੋਈ ਵੀ ਗੈਰ-ਸਮਾਜੀ ਅਨਸਰ ਜੰਗਲਾਤ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।
ਵਿਭਾਗ ਦੇ ਫੀਲਡ ਮੁਲਾਜ਼ਮਾਂ ਨੂੰ ਵਰਦੀਆਂ ਪਾ ਕੇ ਡਿਊਟੀ ਕਰਨ ‘ਤੇ ਜ਼ੋਰ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਵੱਖਰੀ ਪਛਾਣ ਤਾਂ ਮਿਲੇਗੀ ਹੀ ਸਗੋਂ ਸੁਰੱਖਿਆ ਪੱਖੋਂ ਵੀ ਇਹ ਕਦਮ ਲਾਭਦਾਇਕ ਸਿੱਧ ਹੋਵੇਗਾ। ਇਸ ਮੌਕੇ ਉਹਨਾਂ ਸ਼ਰਾਰਤੀ ਤੱਤਾਂ ਦੇ ਹਮਲਿਆਂ ਦੇ ਸ਼ਿਕਾਰ ਹੋਏ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਲਈ ਐਵਾਰਡ ਸ਼ੁਰੂ ਕਰਨ ਅਤੇ ਤਮਗਾ ਪ੍ਰਦਾਨ ਕਰਨ ਦੀ ਤਜਵੀਜ ‘ਤੇ ਵੀ ਵਿਭਾਗੀ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ।
ਇਸ ਮੌਕੇ ਸ੍ਰੀ ਕਟਾਰੂਚੱਕ ਨੇ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਜਿਵੇਂ ਕਿ ਵਣ ਗਾਰਡ ਦੀ ਅਸਾਮੀ ਦਾ ਨਾਂ ਬਦਲ ਕੇ ਫਾਰੈਸਟ ਬੀਟ ਅਫ਼ਸਰ ਜਾਂ ਬੀਟ ਇੰਚਾਰਜ ਰੱਖੇ ਜਾਣ, ਵੱਖਰੀ ਤਬਾਦਲਾ ਨੀਤੀ ਅਮਲ ਵਿੱਚ ਲਿਆਉਣ, ਕਨਵੇਐਂਸ ਭੱਤਾ ਦੇਣ, ਮੁਲਾਜਮਾਂ ਦੀਆਂ ਤਰੱਕੀਆਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਅਤੇ ਫਾਰੈਸਟ ਰੇਂਜਰਾਂ ਦੀਆਂ 74 ਅਸਾਮੀਆਂ ਨੂੰ ਛੇਤੀ ਭਰਨ ਆਦਿ ਸਬੰਧੀ ਪੂਰੀ ਹਮਦਰਦੀ ਨਾਲ ਗੌਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ ਅਤੇ ਵਧੀਕ ਪ੍ਰਮੁੱਖ ਮੁੱਖ ਵਣਪਾਲ (ਪ੍ਰਸ਼ਾਸਨ) ਧਰਮਿੰਦਰ ਸ਼ਰਮਾ ਵੀ ਮੌਜੂਦ ਸਨ।
———–
