(ਸਾਰਾ ਯਹਾਂ/ਬਿਊਰੋ ਨਿਊਜ਼ ) ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੋਈ ਵੀ ਕਸਰ ਬਾਕੀ ਨਾ ਛੱਡਣ ਸਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2023-24 ਦੇ ਬਜਟ ਵਿੱਚ ਵਿਭਾਗ ਲਈ 258 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਰਿਆਵਲ ਅਧੀਨ ਰਕਬੇ ਵਿੱਚ ਵਾਧਾ ਕਰਨ ਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਸਬੰਧੀ ਜੰਗਲਾਤ ਵਿਭਾਗ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਲਈ ਉਪਰੋਕਤ ਬਜਟੀ ਉਪਬੰਧ ਸਹਾਈ ਸਿੱਧ ਹੋਵੇਗਾ।
ਦੱਸ ਦਈਏ ਕਿ ਰਾਖ਼ਵੀਂ ਰੱਖੀ 258 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 196 ਕਰੋੜ ਰੁਪਏ ਪੰਜਾਬ ਕੰਪੇਨਸਟਰੀ ਫੋਰੈਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ (ਪਨਕੈਂਪਾ) ਲਈ ਅਲਾਟ ਕੀਤੇ ਗਏ ਹਨ ਜਦਕਿ 13 ਕਰੋੜ ਰੁਪਏ ਜੰਗਲੀ ਜੀਵ ਅਤੇ ਚਿੜੀਆਘਰ ਵਿਕਾਸ ਲਈ ਅਤੇ 31 ਕਰੋੜ ਰੁਪਏ ਗ੍ਰੀਨ ਪੰਜਾਬ ਮਿਸ਼ਨ ਲਈ ਅਲਾਟ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 50 ਲੱਖ ਬੂਟੇ ਲਾਉਣ ਦੇ ਟੀਚੇ ਨੂੰ ਪੂਰਾ ਕਰਦਿਆਂ ਹੁਣ ਤੱਕ 54 ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਵਿੱਤੀ ਸਾਲ 2023-24 ਵਿੱਚ 1 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।