*ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਘੂਕ ਸੁਣ ਕੇ..!*

0
97

ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਘੂਕ ਸੁਣ ਕੇ…..

ਪਰ ਹੁਣ,,, ਨਾ ਤਾਂ ਹੁਣ ਉਹ ਜੋਗੀ ਰਹੇ ਨੇ,, ਤੇ ਨਾ ਚਰਖੇ ਦੀ ਘੂਕ,,,,,,, ਚਰਖੇ ਦੀ ਘੂਕ ਤਾਂ ਹੁਣ ਕੂਕ ਵਿੱਚ ਬਦਲ ਗਈ ਏ,,,,,, ਜਿਹੜੀ ਪਹਾੜਾਂ ਵਿਚ ਮਸਤ ਬੈਠੇ ਹਾਕਮ ਨੂੰ ਸ਼ਾਇਦ ਨਹੀਂ ਸੁਣਦੀ,,, ਇਸੇ ਲਈ ਉਹ ਪਹਾੜੋਂ ਉਤਰਨ ਦਾ ਨਾਂ ਈ ਨੀ ਲੈਂਦਾ,,,,, ਕਿਉਂਕਿ ਘੂਕ ਤੇ ਕੂਕ ‘ਚ ਬਹੁਤ ਫਰਕ ਹੁੰਦੈ,,,,,

ਪੂਣੀਆਂ ਮੈਂ ਚਾਰ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ……. ਪਰ ਹੁਣ,,,

ਕਬੀਲਦਾਰੀ ਦੀ ਇੱਕੋ ਕੱਤੀ ਪੂਣੀ ਨੇ,,,, ਗੇੜਿਆਂ ਦਾ ਹਿਸਾਬ ਹੀ ਵਿਗਾੜ ਦਿੱਤਾ ਹੈ,,,,, ਥਾਣਿਆਂ ਦੇ ਗੇੜੇ , ਕਚਿਹਰੀਆਂ ਦੇ ਗੇੜੇ, ਦਫਤਰਾਂ ਦੇ ਗੇੜੇ,,,,, ਗੇੜਿਆਂ ਦੇ ਗੇੜ ਵਿਚ ਪਏ ਬੰਦੇ ਨੂੰ ਲੱਗਦੈ ਜਿਵੇਂ ਚਾਰ ਪੂਣੀਆਂ ਨੂੰ ਪੰਦਰਾਂ ਗੇੜਿਆ ਨਾਲ ਗੁਣਾ ਹੋ ਗਈ ਹੋਵੇ,,,ਤੇ ਇਹ ਸੱਠਾਂ ਨੇ ਬੰਦਾ ਕੱਠਾ ਕਰ ਦਿੱਤਾ ਹੋਵੇ,,,,,,

ਮੇਰੇ ਚਰਖੇ ਦੀ ਟੁੱਟ ਗਈ ਮਾਹਲ, ਵੇ ਚੰਨ ਕੱਤਾਂ ਕਿ ਨਾ,,,,,,,,, ਪਰ ਹੁਣ,,,,,,

ਦੱਸਣ ਵਾਲਾ ਚੰਨ ਆਪ ਹੀ ਟੁੱਟ ਚੁੱਕਿਐ,,,, ਹੁਣ ਉਹ ਮਾਹਲ ਬਾਰੇ ਜਾਂ ਕੱਤਣ ਬਾਰੇ ਕੀ ਫੈਸਲਾ ਦੇਵੇ,,,,ਉਹ ਤਾਂ ਖੁਦ ਹੁਣ ਇਹ ਪੁੱਛ ਰਿਹੈ,, ਕਿ ਟੈੱਟ ਵੀ ਪਾਸ ਕਰ ਲਿਆ ਹੁਣ ਕੀ ਕਰਾਂ?????? ਕਿਉਂਕਿ ਟੁੱਟੀ ਮਾਹਲ ਤਾਂ ਗੰਢੀ ਜਾ ਸਕਦੀ ਆ ਪਰ ਟੁੱਟੇ ਸੁਪਨੇ ਗੰਢਣੇ ਬਹੁਤ ਔਖੇ ਹੁੰਦੇ ਨੇ,,,,,,,,,,

ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ , ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ,,,,,,,, ਪਰ ਹੁਣ

ਕਿਹੜੀ ਗਲੀ ਵਿੱਚ ਚਰਖਾ ਡਾਹੀਏ,, ਕਿਉਂਕਿ ਪਿੰਡ ਦੀ ਹਰ ਗਲੀ ਨਾਲੀ ਹੁਣ ਭੱਖਦਾ ਮੁੱਦਾ ਬਣੀ ਪਈ ਐ,,,,, ਤੇ ਸਰਪੰਚੀ ਜਿੱਤਣ ਲਈ ਵੱਕਾਰ ਦਾ ਸਵਾਲ,,,,,,, ਅੱਜ ਤੱਕ ਗਲੀਆਂ ਨਾਲੀਆਂ ਦੇ ਚੱਕਰ ਵਿੱਚ ਪਈ ਸਰਪੰਚੀ,, ਕਿਤਾਬਾਂ ਦੇ ਪੰਨਿਆਂ ਤੱਕ ਪਹੁੰਚ ਨਹੀਂ ਸਕੀ,,,,,
ਅੱਖਾਂ ਵਿੱਚ ਸੁਰਮਾ ਪਾਉਣ ਦੀ ਥਾਂ ਕਿੱਥੇ!!!! ਅੱਖਾਂ ਵਿਚ ਤਾਂ ਲੋਕ ਰੜਕਦੇ ਫਿਰਦੇ ਨੇ,,,,, ਰੜਕਣ ਵਾਲੀਆਂ ਅੱਖਾਂ ਨੂੰ, ਮੋਹ ਪਿਆਰ ਦੀਆ ਸੁਰਮ-ਸਲਾਈਆਂ ਦੀ ਸਮਝ ਕਿੱਥੇ ਭਲਾ,,,,,,,,

ਵੇ ਮੈਂ ਕੱਤਦੀ ਤ੍ਰਿੰਝਣਾ ਚ ਚਰਖਾ,,, ਉੱਤੇ ਤੇਰਾ ਨਾਂ ਲਿਖਕੇ,,,,,,,,,,,
ਪਰ ਹੁਣ,,,,,
ਚਰਖਿਆਂ ਤੋਂ ਤਿਲਕਦਾ ਤਿਲਕਦਾ ਦਾ ਨਾਂ ਵੀਜ਼ਿਆਂ ਦੇ ਠੱਪਿਆਂ ਤੱਕ ਆ ਪਹੁੰਚਿਆ,,,,, ਹਣ ਤ੍ਰਿੰਝਣ ਆਈਲੈਟਸ ਕੋਚਿੰਗ ਸੈਂਟਰਾਂ ਤੋਂ ਹੁੰਦੇ ਹੋਏ ਏਅਰਪੋਰਟ ਵੱਲ ਨੂੰ ਹੋ ਤੁਰੇ,,,,,, ਹੁਣ ਦਾਜ ਉੱਪਰ ਵਰੀ ਦਾ ਪੱਲੜਾ ਭਾਰੀ ਪੈ ਰਿਹੈ,,,,,

ਜਸਵਿੰਦਰ ਸਿੰਘ ਚਾਹਲ

ਰੱਬ ਚਰਖਾ, ਤੇਰੇ ਲਈ ਜ਼ਿੰਦੇ ਤੇਰਾ,,,, ਨੀ ਸੱਚ ਦੀਆਂ ਕੱਤ ਪੂਣੀਆਂ,,,,,,,, ਬਸ ਏਥੇ ਆ ਕੇ ਗੱਲ ਮੁੱਕ ਜਾਂਦੀ ਆ,,,,,,,,,

ਆਦਿ ਸਚੁ ਜੁਗਾਦਿ ਸਚੁ ||

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ||

ਬਾਬੇ ਦੀ ਬਾਣੀ ਦਾ ਓਟ ਆਸਰਾ ਲੈਂਦੇ ਹੋਏ,,,,,, ਆਓ ਸੱਚ ਦਾ ਰਾਹ ਫੜੀਏ,,,,,, ਕਿਸੇ ਨੂੰ ਸਿੱਧ ਪੱਧਰੀ ਜ਼ਿੰਦਗੀ ਨਹੀਂ ਮਿਲਦੀ, ਬਸ ਉਹਨੂੰ ਸਿੱਧ ਪੱਧਰੀ ਬਣਾਉਣਾ ਪੈਂਦੈ,,,,,,, ਦੁਨਿਆਵੀ ਚਰਖੇ ਤਾਂ ਚੱਲਦੇ ਹੀ ਰਹਿਣਗੇ ਤੇ ਬਦਲਦੇ ਵੀ ਰਹਿਣਗੇ,,,,,,, ਮਾਹਲ ਟੁੱਟਦੀ ਵੀ ਰਹੂਗੀ,,ਤੰਦ ਤ੍ਰਿੜਦੇ ਵੀ ਰਹਿਣਗੇ,,,,,,,,, ਪਰ ਸੱਚ ਦੀਆਂ ਕੱਤੀਆਂ ਚਾਰ ਪੂਣੀਆਂ, ਇਨਸਾਨੀ ਜਾਮੇ ਨੂੰ ਮਾਣ ਸਤਿਕਾਰ ਦਾ ਜਾਮਾ ਪਹਿਨਾ ਦਿੰਦੀਆਂ ਨੇ,,,,,,,,,,,,

ਜਸਵਿੰਦਰ ਸਿੰਘ ਚਾਹਲ – 9876915035

NO COMMENTS