
ਫਤਿਹਗੜ੍ਹ, 13 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਜਾਟ ਮਹਾਂਸਭਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਜੀ ਦੀ ਸਪੁੱਤਰੀ ਨੇ ਅੱਜ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਰਹਿੰਦ ਅਤੇ ਖੰਨਾ ਦੀਆਂ ਮੰਡੀਆਂ (ਅਨਾਜ ਮੰਡੀ) ਦਾ ਦੌਰਾ ਕੀਤਾ।
ਖੰਨਾ ਮੰਡੀ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਪੰਜਾਬ ਭਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਖਰੀਦ ਪ੍ਰਕ੍ਰਿਆ ਠੀਕ ਨਹੀਂ ਚੱਲ ਰਹੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹਿੰਦ ਅਤੇ ਖੰਨਾ ਮੰਡੀਆਂ ਦਾ ਦੌਰਾ ਕਰਕੇ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਖਰੀਦ ਪ੍ਰਕਿਰਿਆ ਬਹੁਤ ਹੌਲੀ ਚੱਲ ਰਹੀ ਹੈ ਅਤੇ ਕਿਸਾਨ ਇਸ ਤੋਂ ਸੱਚਮੁੱਚ ਨਾਖੁਸ਼ ਹਨ।
ਉਨ੍ਹਾਂ ਨੇ ਅੱਗੇ ਕਿਹਾ, “ਪਹਿਲਾਂ ਹੀ ਕਿਸਾਨ ਚਾਈਨਾ ਵਾਇਰਸ ਕਾਰਨ ਬਹੁਤ ਦੁੱਖ ਝੱਲ ਰਹੇ ਹਨ, ਜਿਸ ਨੇ ਸਾਡੀਆਂ ਬਹੁਤ ਸਾਰੀਆਂ ਅੰਨਦਾਤਾਵਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਲਗਾਤਾਰ ਮੀਂਹ ਅਤੇ ਹੋਰ ਕਾਰਨਾਂ ਕਰਕੇ ਝਾੜ ਵੀ ਬਹੁਤ ਘੱਟ ਗਿਆ ਹੈ ਪਰ ਸਾਡੇ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਹਾਸ਼ੀਏ ‘ਤੇ ਛੱਡ ਦਿੱਤਾ ਹੈ, ਅਤੇ ਮੰਡੀਆਂ ਵਿੱਚ ਪੁੱਜ ਰਹੀ ਫਸਲ ਦੀ ਖਰੀਦ ਵੀ ਨਹੀਂ ਕਰ ਰਹੇ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਬੇਨਤੀ ਕਰਦਿਆਂ ਕਿਹਾ, “ਮੈਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦਾ ਚਾਈਨਾ ਵਾਇਰਸ, ਸੁੰਗੜਦੇ ਅਨਾਜ ਅਤੇ ਘੱਟ ਝਾੜ ਕਾਰਨ ਭਾਰੀ ਨੁਕਸਾਨ ਹੋਇਆ ਹੈ।”
ਜੈ ਇੰਦਰ ਕੌਰ ਨੇ ਸਰਹਿੰਦ ਮੰਡੀ ਦਾ ਦੌਰਾ ਕਰਨ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਕੋਲ ਵੀ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ।
ਪਰਾਲੀ ਸਾੜਨ ਬਾਰੇ ਗੱਲ ਕਰਦਿਆਂ ਜੈ ਇੰਦਰ ਕੌਰ ਨੇ ਦੱਸਿਆ ਕਿ ਕਿਸਾਨਾਂ ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਾ ਤਾਂ ਕੋਈ ਪਰਾਲੀ ਪ੍ਰਬੰਧਨ ਮਸ਼ੀਨ ਮਿਲੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਤੈਅ ਕੀਤਾ ਗਿਆ ਹੈ ਅਤੇ ਜੇਕਰ ਉਹ ਮਜਬੂਰੀ ਵਿੱਚ ਪਰਾਲੀ ਸਾੜਦੇ ਹਨ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਰੈਡ ਲਿਸਟ ਕਰ ਦਿੰਦਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਬੇਇਨਸਾਫੀ ਹੈ। ਮੈਂ ਉਨ੍ਹਾਂ ਨੂੰ ਜਾਟ ਮਹਾਸਭਾ ਅਤੇ ਆਪਣੇ ਪਰਿਵਾਰ ਦੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ ਅਤੇ ਮੈਂ ਆਪਣੇ ਪਿਤਾ ਨੂੰ ਵੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਾਂਗੀ।”
ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਸਰਕਾਰ ਦੀ ਕਿਸਾਨਾਂ ਪ੍ਰਤੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੀਂਹ, ਖਰਾਬ ਮੌਸਮ ਕਾਰਨ ਖਰੀਦ ਪ੍ਰਕਿਰਿਆ ‘ਚ ਭਾਰੀ ਦਿੱਕਤ ਆ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਸਭ ਕੁਝ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਹੋਏ ਆਪਣਾ ਸਾਰਾ ਸਮਾਂ ਗੁਜਰਾਤ ਵਿਚ ਪ੍ਰਚਾਰ ਕਰਨ ‘ਤੇ ਲਗਾ ਰਹੇ ਹਨ। ਇੱਥੋਂ ਤੱਕ ਕਿ ਸਾਡੇ ਅੰਨਦਾਤਾ ਵੀ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠਣ ਲਈ ਮਜਬੂਰ ਹਨ, ਪਰ ਭਗਵੰਤ ਮਾਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਹਨ।
ਕੈਪਟਨ ਸਰਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੈਪਟਨ ਸਰਕਾਰ ਦੌਰਾਨ ਖੇਤੀ ਉਨ੍ਹਾਂ ਦੀ ਪਹਿਲੀ ਤਰਜੀਹ ਸੀ ਅਤੇ ਕਿਸਾਨਾਂ ਨੂੰ ਕਦੇ ਵੀ ਇਸ ਤਰ੍ਹਾਂ ਧਰਨੇ ‘ਤੇ ਨਹੀਂ ਬੈਠਣਾ ਪਿਆ ਸੀ।”
\ਜੈ ਇੰਦਰ ਕੌਰ ਨਾਲ ਜਾਟ ਮਹਾਂਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸਿੰਘ ਢੀਂਡਸਾ, ਭਾਜਪਾ ਦੇ ਸੀਨੀਅਰ ਆਗੂ ਦੀਦਾਰ ਸਿੰਘ ਭੱਟੀ, ਕੰਵਰਵੀਰ ਸਿੰਘ ਟੌਹੜਾ, ਗੁਰਪ੍ਰੀਤ ਸਿੰਘ ਭੱਟੀ, ਪ੍ਰਿਤਪਾਲ ਸਿੰਘ ਬਲੇਵਾਲ, ਮੇਅਰ ਸੰਜੀਵ ਸ਼ਰਮਾ ਬਿੱਟੂ, ਕੇ ਕੇ ਮਲਹੋਤਰਾ, ਡਾ: ਦੀਪਕ ਜੋਤੀ, ਰਾਣੀ ਰਮਣੀਕ, ਗਗਨ ਸ਼ੇਰਗਿੱਲ ਅਤੇ ਇਕਬਾਲ ਸਿੰਘ ਚੰਨੀ ਆਦਿ ਹਾਜ਼ਰ ਸਨ।
