*ਜੇ ਕੋਵਿਡ ਦੀ ਸਥਿਤੀ ’ਚ ਇਕ ਹਫਤੇ ਵਿੱਚ ਸੁਧਾਰ ਨਾ ਹੋਇਆ ਤਾਂ ਹੋਰ ਸਖਤ ਬੰਦਿਸ਼ਾਂ ਲਗਾਈਆਂ ਜਾ ਸਕਦੀਆਂ, ਮੁੱਖ ਮੰਤਰੀ ਦੀ ਚਿਤਾਵਨੀ *

0
64

ਚੰਡੀਗੜ, 31 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਵਿੱਚ ਕੋਵਿਡ ਦੀ ਸਥਿਤੀ ਜੋ ਕਿ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਧਣ ਨਾਲ ਵੱਡੇ ਪੱਧਰ ’ਤੇ ਪਹੁੰਚ ਗਈ ਹੈ, ਵਿੱਚ ਅਗਲੇ ਹਫਤੇ ਤੱਕ ਸੁਧਾਰ ਨਾ ਹੋਇਆ ਤਾਂ ਸਖਤ ਬੰਦਿਸ਼ਾਂ ਲਗਾਈਆਂ ਜਾਣਗੀਆਂ।

ਸਿਹਤ, ਪ੍ਰਸ਼ਾਸਨਿਕ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਮੁੜ ਸਮੀਖਿਆ 8 ਅਪਰੈਲ ਨੂੰ ਕੀਤੀ ਜਾਵੇਗੀ ਅਤੇ ਜੇ ਕੋਵਿਡ ਦਾ ਵਾਧਾ ਬੇਕਾਬੂ ਰਿਹਾ ਤਾਂ ਹੋਰ ਬੰਦਿਸ਼ਾਂ ਲਗਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ, ‘‘ਮੈਂ ਇਕ ਹਫਤੇ ਤੱਕ ਪ੍ਰਸਥਿਤੀਆਂ ਦੇਖਾਂਗਾ ਅਤੇ ਫੇਰ ਜੇ ਕੋਈ ਸੁਧਾਰ ਨਾ ਹੋਇਆ ਤਾਂ ਸਾਨੂੰ ਸਖਤ ਬੰਦਿਸ਼ਾਂ ਲਗਾਉਣੀਆਂ ਪੈ ਸਕਦੀਆਂ ਹਨ।’’

ਤੇਜ਼ੀ ਨਾਲ ਟੀਕਾਕਰਨ ਦੀ ਲੋੜ ਦੱਸਦਿਆਂ ਖਾਸ ਕਰ ਕੇ ਅਜਿਹੇ ਸਥਾਨਾਂ ਜਿੱਥੇ 300 ਤੋਂ ਵੱਧ ਕੇਸ ਆ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਨਾਲ ਬੁਰੀ ਤਰਾਂ ਪ੍ਰਭਾਵਿਤ ਜ਼ਿਲਿਆਂ ਵਿੱਚ ਮੁਹੱਲਾ ਪੱਧਰ ’ਤੇ ਯੋਗ ਲੋਕਾਂ ਤੱਕ ਪਹੁੰਚ ਬਣਾਈ ਜਾਵੇ। ਉਨਾਂ ਨਾਲ ਹੀ ਬੁਰੀ ਤਰਾਂ ਗ੍ਰਸਤ ਸ਼ਹਿਰਾਂ ਲੁਧਿਆਣਾ, ਜਲੰਧਰ, ਮੁਹਾਲੀ ਤੇ ਅੰਮਿ੍ਰਤਸਰ ਵਿੱਚ ਕੋਵਿਡ ਇਹਤਿਆਤਾਂ ਅਤੇ ਪ੍ਰੋਟੋਕਲ ਦੀ ਵੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ।

ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਚੇਅਰਮੈਨ ਡਾ.ਕੇ.ਕੇ.ਤਲਵਾੜ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਬੰਦਿਸ਼ਾਂ ਨੂੰ ਹੋਰ ਲਾਗੂ ਕਰਨ ਦੀ ਲੋੜ ਹੈ ਜਿੱਥੇ ਵੱਧ ਕੇਸ ਸਾਹਮਣੇ ਆ ਰਹੇ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ 19 ਮਾਰਚ ਤੋਂ ਬਿਨਾਂ ਮਾਸਕ ਤੋਂ ਚੱਲਣ-ਫਿਰਨ ਵਾਲੇ 1.30 ਲੱਖ ਲੋਕਾਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕੀਤੇ ਗਏ ਹਨ ਜਿਨਾਂ ਵਿੱਚੋਂ 391 ਪਾਜ਼ੇਟਿਵ ਪਾਏ ਗਏ।

ਐਸ.ਏ.ਐਸ. ਨਗਰ, ਕਪੂਰਥਲਾ, ਪਟਿਆਲਾ, ਐਸ.ਬੀ.ਐਸ. ਨਗਰ, ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਵਿੱਚ ਬਹੁਤ ਜ਼ਿਆਦਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ ਜਦੋਂ ਕਿ 24 ਮਾਰਚ 2021 ਨੂੰ ਸੂਬੇ ਵਿੱਚ ਕੁੱਲ ਪਾਜ਼ੇਟਿਵਟੀ 7.6 ਫੀਸਦੀ ਸੀ।

ਆਉਣ-ਜਾਣ ਵਾਲਿਆਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਕੋਵਿਡ ਯੋਧਿਆਂ ਲਈ ਇਕ ਘੰਟੇ ਲਈ ਰੱਖੇ ਜਾਂਦੇ ਮੌਨ ਕਾਲ ਨੂੰ ਵੀ ਖਤਮ ਕਰਨ ਦੇ ਆਦੇਸ਼ ਦਿੱਤੇ।

ਮੁੱਖ ਮੰਤਰੀ ਨੇ ਪੰਜਾਬ ਵਿੱਚ ਕੋਵਿਡ ਕਾਰਨ ਉਚ ਮੌਤ ਦਰ ਉਤੇ ਚਿੰਤਾ ਪ੍ਰਗਟਾਈ ਜਦੋਂ ਕਿ ਡਾ. ਤਲਵਾੜ ਨੇ ਕਿਹਾ ਕਿ ਸੂਬੇ ਵਿੱਚ ਮਰੀਜ਼ਾਂ ਸਮੇਂ ਸਿਰ ਹਸਪਤਾਲ ਨਹੀਂ ਜਾਂਦੇ ਅਤੇ ਸਹਿ ਬਿਮਾਰੀਆਂ ਦੀ ਵੀ ਉਚ ਦਰ ਹੈ। ਡਾ.ਤਲਵਾੜ ਨੇ ਮੀਟਿੰਗ ਵਿੱਚ ਦੱਸਿਆ ਕਿ ਮਰਨ ਵਾਲਿਆਂ ਵਿੱਚੋਂ 80-85 ਫੀਸਦੀ ਮਰੀਜ਼ ਗੰਭੀਰ ਬਿਮਾਰੀਆਂ ਵਾਲੇ ਹਨ।

ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਹਿ ਬਿਮਾਰੀਆਂ ਵਾਲਿਆਂ ਨੂੰ ਜਲਦ ਤੋਂ ਜਲਦ ਹਸਪਤਾਲ ਲਿਜਾਣ ਅਤੇ ਘਰਾਂ ਵਿਚ ਏਕਾਂਤਵਾਸ ਲੋਕਾਂ ਦੀ ਸਖਤ ਨਿਗਰਾਨੀ ਲਈ ਮਜ਼ਬੂਤ ਪ੍ਰਣਾਲੀ ਵਿਕਸਤ ਕੀਤੀ ਜਾਵੇ। ਉਨਾਂ ਇਕ ਵਾਰ ਫੇਰ ਸਾਰੇ ਧਾਰਮਿਕ ਤੇ ਰਾਜਸੀ ਆਗੂਆਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੋਵਿਡ ਇਹਤਿਆਤ ਦਾ ਢੁੱਕਵਾਂ ਵਿਵਹਾਰ ਉਤਸ਼ਾਹਤ ਕੀਤਾ ਜਾਵੇ।

——–

LEAVE A REPLY

Please enter your comment!
Please enter your name here