ਫਗਵਾੜਾ 12 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼ਿਵ ਸੈਨਾ ਯੂ.ਬੀ.ਟੀ. ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਜੇਸੀਟੀ ਮਿਲ ਦੇ ਕਰੀਬ ਤਿੰਨ ਹਜ਼ਾਰ ਮਜਦੂਰਾਂ ਦੇ ਹੱਕ ਦੀ ਕਮਾਈ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਦੇ ਮਾਮਲੇ ਵਿਚ ਮਿੱਲ ਮਾਲਕ ਸਮੀਰ ਥਾਪਰ ਅਤੇ ਉਸਦੀ ਮਹਿਲਾ ਮਿੱਤਰ ਮੁਕੁਲਿਕਾ ਸਿਨਹਾ ਦੇ ਖਿਲਾਫ ਦਰਜ ਕੀਤੀ ਐਫ.ਆਈ.ਆਰ. ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੀਰ ਥਾਪਰ ਅਤੇ ਮੁਕੁਲਿਕਾ ਸਿਨਹਾ ਖਿਲਾਫ ਸਿਰਫ ਵਰਕਰਾਂ ਦੀ ਈ.ਪੀ. ਐੱਫ. ਰਕਮ ਜਮਾ ਨਾ ਕਰਵਾਉਣ ਸਬੰਧੀ ਕਾਨੂੰਨੀ ਕਾਰਵਾਈ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਮਿੱਲ ਵਿੱਚ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਧੋਖਾਧੜੀ ਦੀ ਹਰ ਐਂਗਲ ਤੋਂ ਜਾਂਚ ਕਰਕੇ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਇਸ ਦੌਰਾਨ ਕਿਸਾਨ ਆਗੂ ਹਰਮਿੰਦਰ ਸਿੰਘ ਖਹਿਰਾ, ਦਿ ਜਗਤਜੀਤ ਟੈਕਸਟਾਈਲ ਮਿੱਲ ਟਰੇਡ ਯੂਨੀਅਨ ਕਾਂਗਰਸ (ਰਜਿ.) ਦੇ ਪੰਜਾਬ ਮੀਤ ਪ੍ਰਧਾਨ ਸੁਨੀਲ ਪਾਂਡੇ, ਭਾਰਤੀ ਮਜ਼ਦੂਰ ਸੰਘ ਦੇ ਭੂਸ਼ਣ ਯਾਦਵ, ਅਜੈ ਯਾਦਵ, ਰਵੀ ਸਿੱਧੂ ਕੌਮੀ ਮੁੱਖ ਸੰਚਾਲਕ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਿਲ ਦੇ ਜਿਨ੍ਹਾਂ ਕਰਮਚਾਰੀਆਂ ਨੇ ਕੋਵਿਡ-19 ਦੌਰਾਨ ਕੰਮ ਛੱਡ ਦਿੱਤਾ ਸੀ ਜਾਂ ਜਿਨ੍ਹਾਂ ਦੇ ਵਿਭਾਗਾਂ ਦੇ ਬੰਦ ਹੋਣ ਕਾਰਨ ਅਸਤੀਫ਼ੇ ਲਏ ਗਏ ਸਨ ਅਤੇ ਜੋ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ, ਉਨ੍ਹਾਂ ਦੀ ਗਰੈਚੁਟੀ, ਓਵਰਟਾਈਮ, ਬੋਨਸ, ਪੀ.ਐਫ ਦੇ ਪੈਸੇ ਮਿੱਲ ਪ੍ਰਬੰਧਕਾਂ ਵੱਲੋਂ ਅਦਾ ਕਰਵਾਏ ਜਾਣ। ਇਸ ਤੋਂ ਇਲਾਵਾ ਮਿੱਲ ਮਾਲਕਾਂ ਵੱਲੋਂ ਹੁਣ ਤੱਕ ਈ.ਐਸ. ਆਈ. ਦੇ ਪੈਸੇ ਦੀ ਬਕਾਇਆ ਰਕਮ ਵੀ ਜਮਾ ਕਰਵਾਈ ਜਾਵੇ। ਮਿੱਲ ਦੀ ਸਹਿਕਾਰੀ ਸਭਾ ਦੇ ਬਚਤ ਖਾਤਿਆਂ ਵਿਚ ਮਜ਼ਦੂਰਾਂ ਵਲੋਂ ਜਮਾਂ ਕੀਤੇ ਪੈਸੇ ਦੁਆਏ ਜਾਣ। ਕਮਲ ਸਰੋਜ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਅਤੇ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਵੀ ਵੱਖਰੀ ਐਫ.ਆਈ.ਆਰ. ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸੁਨੀਲ ਪਾਂਡੇ ਅਤੇ ਭੂਸ਼ਣ ਯਾਦਵ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਕਿਸੇ ਮਿੱਲ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮਿੱਲ ਮਾਲਕ ਅਤੇ ਮੈਨੇਜਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਮਿੱਲ ਦੇ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਅੰਤਿਮ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਮਾਜ ਸੇਵੀ ਸ਼ਾਰਦਾ ਨੰਦ ਸਿੰਘ ਤੋਂ ਇਲਾਵਾ ਉਮੇਸ਼ ਗਿਰੀ ਸਕੱਤਰ ਭਾਰਤੀ ਮਜ਼ਦੂਰ ਸੰਘ, ਪ੍ਰਦੀਪ ਖੋਸਲਾ, ਮਦਨ ਮਿਸ਼ਰਾ, ਅਨਿਲ ਮਿਸ਼ਰਾ, ਪ੍ਰਦੀਪ ਸਿੰਘ, ਰਾਮ ਭਰੋਸੇ ਯਾਦਵ ਇੰਟਕ, ਕਰਮਵੀਰ ਇੰਟਕ, ਧਰਮਿੰਦਰ ਸਿੰਘ, ਰਾਜੂ ਤਿਵਾੜੀ, ਕਿਰਨ, ਗੀਤਾ ਤਿਵਾੜੀ, ਡਾ. ਮੀਨਾ ਸਮੇਤ ਵੱਡੀ ਗਿਣਤੀ ਵਿੱਚ ਮਿੱਲ ਵਰਕਰ ਹਾਜ਼ਰ ਸਨ।