*ਜੇਸੀਟੀ ਮਿਲ ਦੀ ਥਾਪਰ ਕਲੋਨੀ ਦੇ ਮਜਦੂਰ ਪਰਿਵਾਰਾਂ ਨੇ ਐਕਸ.ਈ.ਐਨ. ਦਫਤਰ ਦਾ ਕੀਤਾ ਘਿਰਾਓ*

0
5

ਫਗਵਾੜਾ 22 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਥਾਪਰ ਕਲੋਨੀ ਜੇਸੀਟੀ ਮਿਲ ਫਗਵਾੜਾ ਦੀ 15 ਜਨਵਰੀ ਤੋਂ ਕੱਟੀ ਹੋਈ ਬਿਜਲੀ ਸਪਲਾਈ ਬਹਾਲ ਕਰਾਉਣ ਲਈ ਥਾਪਰ ਕਲੋਨੀ ਦੇ ਮਜਦੂਰ ਪਰਿਵਾਰਾਂ ਦਾ ਇਕ ਵਫਦ ਅੱਜ ਕੌਂਸਲਰ ਰਵੀ ਸਿੱਧੂ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਐਕਸ.ਈ. ਐਨ. ਹਰਦੀਪ ਸਿੰਘ ਪਾਵਰਕਾਮ ਫਗਵਾੜਾ ਨੂੰ ਮਿਲਣ ਲਈ ਉਹਨਾਂ ਦੇ ਦਫਤਰ ਗਿਆ। ਜਿੱਥੇ ਕਿਸੇ ਕਾਰਨ ਮਾਹੌਲ ਗਰਮਾ ਗਿਆ। ਜਿਸ ਤੋਂ ਬਾਅਦ ਨਾਰਾਜ ਹੋਏ ਮਜਦੂਰ ਪਰਿਵਾਰਾਂ ਨੇ ਬਿਜਲੀ ਘਰ ਬੰਗਾ ਰੋਡ ਸਥਿਤ ਐਕਸ.ਈ.ਐਨ. ਦਫਤਰ ਦਾ ਘਿਰਾਓ ਕਰਦਿਆਂ ਧਰਨਾ ਲਗਾ ਦਿੱਤਾ। ਇਸ ਦੌਰਾਨ ਕੌਂਸਲਰ ਰਵੀ ਸਿੱਧੂ ਅਤੇ ਸ਼ਿਵ ਸੈਨਾ ਆਗੂ ਕਮਲ ਸਰੋਜ ਨੇ ਦੱਸਿਆ ਕਿ ਉਹਨਾਂ ਵਲੋਂ ਐਕਸ.ਈ.ਐਨ. ਨੂੰ ਮਜਦੂਰਾਂ ਦੀ ਪਰੇਸ਼ਾਨੀ ਦੱਸਦੇ ਹੋਏ ਬਿਜਲੀ ਸਪਲਾਈ ਬਹਾਲ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਉਹਨਾਂ ਨੇ ਕੋਈ ਸਹਿਯੋਗ ਕਰਨ ਜਾਂ ਭਰੋਸਾ ਦੇਣ ਦੀ ਬਜਾਏ ਰੁੱਖੇ ਲਹਿਜੇ ਵਿਚ ਸਪਸ਼ਟ ਕਿਹਾ ਕਿ ਸੀ.ਐਮ.ਡੀ. ਪਟਿਆਲਾ ਦੇ ਹੁਕਮਾਂ ਨਾਲ ਬਿਜਲੀ ਕੱਟੀ ਹੈ, ਉਹਨਾਂ ਦੇ ਨਾਲ ਗੱਲ ਕਰੋ। ਜਦੋਂ ਸੀ.ਐਮ.ਡੀ. ਦੇ ਬਿਜਲੀ ਕੱਟਣ ਵਾਲੇ ਆਰਡਰਾਂ ਦੀ ਕਾਪੀ ਮੰਗੀ ਗਈ ਤਾਂ ਐਕਸ.ਈ.ਐਨ. ਨੇ ਉਹਨਾਂ ਨਾਲ ਦੁਰਵਿਹਾਰ ਕੀਤਾ। ਆਗੂਆਂ ਨੇ ਦੋਸ਼ ਲਗਾਇਆ ਕਿ ਐਕਸ.ਈ.ਐਨ. ਦਾ ਵਿਵਹਾਰ ਦੱਸਦਾ ਹੈ ਕਿ ਉਹਨਾਂ ਦੀ ਮਿਲ ਮਾਲਕ ਸਮੀਰ ਥਾਪਰ ਨਾਲ ਮਿਲੀਭੁਗਤ ਹੈ। ਜਿਸ ਦੇ ਇਸ਼ਾਰੇ ਤੇ ਮਜਦੂਰਾਂ ਨੂੰ ਮਿਲ ਵਿਚੋਂ ਤੰਗ ਪਰੇਸ਼ਾਨ ਕਰਕੇ ਬਾਹਰ ਕੱਢਣ ਲਈ ਬਿਜਲੀ ਕੱਟੀ ਗਈ ਹੈ। ਧਰਨਾਕਾਰੀ ਮਜਦੂਰਾਂ ਨੇ ਰੋਹ ਵਿਚ ਪਾਵਰਕਾਮ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਥਾਪਰ ਕਲੋਨੀ ਦੀ ਬਿਜਲੀ ਸਪਲਾਈ ਬਹਾਲ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹੀ। ਧਰਨੇ ਦੀ ਸੂਚਨਾ ਮਿਲਣ ਤੇ ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਅਤੇ ਨਾਇਬ ਤਹਿਸੀਲਦਾਰ ਮੌਕੇ ਤੇ ਪੁੱਜੇ। ਜਿਹਨਾਂ ਨੇ ਮਜਦੂਰ ਪਰਿਵਾਰਾਂ ਨੂੰ ਸ਼ਾਂਤ ਕੀਤਾ ਅਤੇ ਜੇਸੀਟੀ ਮਿਲ ਦੀ ਬਿਜਲੀ ਸਪਲਾਈ ਕੱਟਣ ਦੇ ਆਰਡਰਾਂ ਦੀ ਕਾਪੀ ਕੌਂਸਲਰ ਰਵੀ ਸਿੱਧੂ ਅਤੇ ਕਮਲ ਸਰੋਜ ਦੇ ਸਪੁਰਦ ਕੀਤੀ। ਇਸ ਤੋਂ ਬਾਅਦ ਵਫਦ ਵਲੋਂ ਐਸ.ਡੀ.ਐਮ. ਫਗਵਾੜਾ ਨੂੰ ਬਿਜਲੀ ਸਪਲਾਈ ਬਹਾਲ ਕਰਵਾਉਣ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਬਿਜਲੀ ਸਪਲਾਈ ਕੱਟੇ ਜਾਣ ਨਾਲ ਕਲੋਨੀ ਦੇ ਹਜ਼ਾਰਾਂ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਿਕਰ ਕਰਦਿਆਂ ਤੁਰੰਤ ਬਿਜਲੀ ਸਪਲਾਈ ਬਹਾਲ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਮਲ ਸਰੋਜ ਅਨੁਸਾਰ ਮੰਗ ਪੱਤਰ ਦੇ ਉਤਾਰੇ ਸੀ.ਐਮ.ਡੀ. ਪਟਿਆਲਾ, ਡੀ.ਸੀ. ਕਪੂਰਥਲਾ, ਬਿਜਲੀ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੇ ਗਏ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਥਾਪਰ ਕਲੋਨੀ ਦੇ ਮਜਦੂਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here