ਚੰਡੀਗੜ੍ਹ06,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਨਸ਼ਾ ਤਸਕਰੀ ਕੇਸ ਵਿੱਚ ਜੇਲ੍ਹ ਅੰਦਰ ਬੰਦ ਸਾਬਕਾ ਅਕਾਲੀ ਮੰਤਰੀ ਦੀ ਜਾਨ ਨੂੰ ਕੋਈ ਖਤਰਾ ਨਹੀਂ। ਇਹ ਦਾਅਵਾ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਅਦਾਲਤ ਵਿੱਚ ਕੀਤਾ ਹੈ। ਸੁਪਰਡੈਂਟ ਨੇ ਕਿਹਾ ਕਿ ਉਹ ਖੁਦ ਬੈਰਕ ਦੇ ਬਾਹਰ ਕੁਰਸੀ ਡਾਹ ਕੇ ਬੈਠਣ ਨੂੰ ਤਿਆਰ ਹਨ। ਉਂਝ ਉਨ੍ਹਾਂ ਅਕਾਲੀ ਆਗੂ ਦੀ ਬੈਰਕ ਬਦਲਣ ਬਾਰੇ ਜ਼ਰੂਰ ਮੰਨਿਆ ਹੈ।
ਦੱਸ ਦਈਏ ਕਿ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਜੇਲ੍ਹ ਵਿੱਚ ਸੁਰੱਖਿਆ ਮਾਮਲੇ ਸਬੰਧੀ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਸਰਕਾਰੀ ਵਕੀਲ ਸੰਜੀਵ ਬੱਤਰਾ, ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ।
ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਮਜੀਠੀਆ ਨੂੰ ਕੋਈ ਖਤਰਾ ਨਹੀਂ। ਸੁਪਰਡੈਂਟ ਨੇ ਇੱਥੋਂ ਤੱਕ ਕਿਹਾ ਕਿ ਉਹ ਖੁਦ ਬੈਰਕ ਦੇ ਬਾਹਰ ਕੁਰਸੀ ਡਾਹ ਕੇ ਬੈਠਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਹੀ ਮਜੀਠੀਆ ਦੀ ਬੈਰਕ ਬਦਲੀ ਗਈ ਹੈ। ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਯਾਦ ਰਹੇ ਕੱਲ੍ਹ ਮਜੀਠੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਹਾਜ਼ਰੀ ਲਗਾਉਣ ਸਮੇਂ ਅਦਾਲਤ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਜੇਲ੍ਹ ਵਿੱਚ ਸਾਰਾ ਕੁਝ ਠੀਕ ਨਹੀਂ, ਦੱਸਦਿਆ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਮਜੀਠੀਆ ਨੇ ਪਟਿਆਲਾ ਜੇਲ੍ਹ ਅੰਦਰ ਗੈਂਗਸਟਰਾਂ ਤੇ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਦੱਸਿਆ ਸੀ।