ਮਾਨਸਾ 25 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ) ਅੱਜ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ 3 ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਮਾਨਸਾ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਅਤੇ ਆਮ ਜਨਤਾ ਦਾ ਵੀ ਪੂਰਾ ਸਹਿਯੋਗ ਇਸ ਬੰਦ ਨੂੰ ਮਿਿਲਆ। ਮਾਨਸਾ ਦੇ ਹਜ਼ਾਰਾਂ ਨੌਜਵਾਨ ਇਸ ਲੋਕ ਲਹਿਰ ਦੌਰਾਨ ਆਪ ਮੁਹਾਰੇ ਸੜਕਾਂ *ਤੇ ਉਤਰ ਕੇ ਬੀਜੇਪੀ ਅਤੇ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਗਾਉਂਦੇ ਨਜ਼ਰ ਆਏ।
ਅੱਜ ਕਿਸਾਨ ਤੇ ਵਪਾਰਕ ਜਥੇਬੰਦੀਆਂ ਵੱਲੋਂ ਪਹਿਲਾਂ ਬਾਰ੍ਹਾਂ ਹੱਟਾਂ ਚੌਕ ਵਿੱਚ ਰੋਸ ਰੈਲੀ ਕਰਕੇ ਧਰਨਾ ਲਾਇਆ ਗਿਆ ਉਸਤੋਂ ਬਾਅਦ ਬਾਰ੍ਹਾਂ ਹੱਟਾਂ ਚੌਕ ਤੋਂ ਸਮੂਹ ਕਿਸਾਨ ਵਪਾਰੀ ਅਤੇ ਆਮ ਜਨਤਾ ਵੱਡਾ ਇਕੱਠ ਕਰਕੇ ਸ਼ਹਿਰ ਵਿਚੋਂ ਦੀ ਰੋਸ ਮਾਰਚ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਨਸਾ ਤਿੰਨਕੋਨੀ (ਨਜ਼ਦੀਕ ਡੀHਸੀH ਰੈਜੀਡੈਂਸ) ਪਹੁੰਚੇ ਜਿਥੇ ਜਾ ਕੇ ਪੱਕਾ ਧਰਨਾ ਮੇਨ ਰੋਡ *ਤੇ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇੱਥੇ ਆਲ ਇੰਡੀਆ ਕਿਸਾਨ ਸੰਗਠਨ ਦੇ ਕੁਆਰਡੀਨੇਟਰ ਜੋਗਿੰਦਰ ਯਾਦਵ ਨੇ ਇਸ ਧਰਨੇ ਨੂੰ ਵਿਸੇ਼ਸ਼ ਤੌਰ *ਤੇ ਸੰਬੋਧਨ ਕੀਤਾ ਅਤੇ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਦੀ ਦੂਸਰੀ ਲੜਾਈ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ ਜਿਸਦੀ ਪਹਿਲੀ ਵਿਕਟ ਦੇ ਤੌਰ *ਤੇ ਅਕਾਲੀ ਦਲ ਨੂੰ ਮੋਦੀ ਸਰਕਾਰ ਤੋਂ ਬਾਹਰ ਨਿੱਕਲਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਅਕਾਲੀ ਦਲ ਦੀ ਕੇਂਦਰੀ ਕੈਬਨਿਟ ਵਿੱਚ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੂਸਰੀ ਵਿਕਟ ਦੇ ਤੌਰ ’ਤੇ ਹਰਿਆਣਾ ਵਿੱਚ ਦੁਸ਼ਾਂਤ ਚੌਟਾਲਾ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਬੀਜੇਪੀ ਸਰਕਾਰ ਤੋਂ ਬਾਹਰ ਹੋਣਾ ਪਵੇਗਾ। ਇਸਤੋਂ ਇਲਾਵਾ ਜੇਕਰ ਇਹ ਖੇਤੀ ਵਿਰੋਧੀ ਆਰਡੀਨੈਂਸ ਜਲਦੀ ਵਾਪਸ ਨਾ ਲਏ ਗਏ ਤਾਂ ਮੋਦੀ ਸਰਕਾਰ ਦੀ ਵਿਕਟ ਵੀ ਕਿਸਾਨ ਜਲਦੀ ਹੀ ਪੁੱਟ ਦੇਣਗੇ। ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਭਰ ਦੇ ਦੂਸਰੇ ਰਾਜਾਂ ਦੇ ਸਮਰਥਨ ਵਜੋਂ ਚਿੰਨ੍ਹ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਦਿੱਤੇ ਗਏ। ਅੱਜ ਇਸ ਬੰਦ ਨੂੰ ਕਾਮਯਾਬ ਕਰਨ ਲਈ ਕਿਸਾਨ ਆਗੂ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ
ਸੰਵਿਧਾਨ ਬਚਾਓ ਮੰਚ, ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਅਤੇ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਵਲੋਂ ਮਾਨਸਾ ਜਿਲ੍ਹੇ ਦੇ ਲੋਕਾਂ ਦਾ ਇਸ ਬੰਦ ਪ੍ਰਤੀ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਧਰਨੇ ਨੂੰ ਤਰਕਸ਼ੀਲ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਨੱਤ, ਕਿਸਾਨ ਆਗੂ ਬੋਘ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਬਲਵੀਰ ਕੌਰ, ਮਹਿੰਦਰ ਸਿੰਘ ਭੈਣੀ ਬਾਘਾ, ਕਾH ਰਾਜਵਿੰਦਰ ਸਿੰਘ ਰਾਣਾ ਤੇ ਸੁਖਦਰਸ਼ਨ ਨੱਤ ਸੀਪੀਆਈ (ਐਮHਐਲH) ਲਿਬਰੇਸ਼ਨ, ਡਾH ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਆਰਾ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਭੱਠਾ ਐਸੋਸੀਏਸ਼ਨ, ਬਸਾਤੀ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਲੋਹਾ ਐਸੋਸੀਏਸ਼ਨ, ਸ਼ੈਲਰ ਐਸੋਸਏਸ਼ਨ,
ਇਲੈਕਟ੍ਰੋਨਿਕ ਐਸੋਸੀਏਸ਼ਨ ਅਤੇ ਸ਼ੂਅ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਪੂਰੇ ਜੋਸ਼ ਨਾਲ ਇਸ ਬੰਦ ਦਾ ਸਮਰਥਨ ਕਰਕੇ ਇਸ ਵਿੱਚ ਸ਼ਮੂਲੀਅਤ ਦਰਜ਼ ਕਰਵਾਈ। ਇਸਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਨੇ ਵੀ ਆਪਣੀ ਹਾਜ਼ਰੀ ਦਰਜ਼ ਕਰਵਾਈ। ਇਸਤੋਂ ਇਲਾਵਾ ਕਾਂਗਰਸੀ ਆਗੂ ਮਨੋਜ ਬਾਲਾ ਨੇ ਆਪਣੀ ਟੀਮ ਦੇ ਸਮੇਤ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਸੀਪੀਆਈ ਦੇ ਜਨਰਲ ਸਕੱਤਰ ਅਤੇ ਸਾਬਕਾ ਐਮਐਲਏ ਹਰਦੇਵ ਅਰਸ਼ੀ ਨੇ ਵੀ ਧਰਨੇ ਵਿੱਚ ਹਾਜ਼ਰ ਪਵਾਈ। ਪੰਜਾਬ ਏਕਤਾ ਪਾਰਟੀ ਵੱਲੋਂ ਕਰਮਜੀਤ ਕੌਰ ਚਹਿਲ, ਗੁਰਸੇਵਕ ਸਿੰਘ ਜਵਾਹਰਕੇ ਅਕਾਲੀ ਦਲ (ਮਾਨ), ਗੁਰਪ੍ਰੀਤ ਸਿੰਘ ਭੁੱਚਰ ਤੇ ਕਮਲ ਗੋਇਲ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਵੱਲੋਂ ਮਨਜੀਤ ਸਿੰਘ ਅਤੇ ਜਗਦੇਵ ਸਿੰਘ ਰਾਇਪੁਰ, ਆਰਐਮਪੀਆਈ ਵੱਲੋਂ ਮੇਜਰ ਸਿੰਘ ਦੂਲੋਵਾਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਜਿਲ੍ਹੇ ਦੀ ਟੀਮ ਵੱਲੋਂ ਹਾਜ਼ਰੀ ਲਗਵਾਈ ਗਈ।
ਇਸ ਧਰਨੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਮੂਹ ਆਗੂਆਂ ਵੱਲੋਂ ਆਪਣੀਆਂ ਜਥੇਬੰਦੀਆਂ ਜਾਂ ਨਿੱਜੀ ਮੁਫਾਦਾਂ ਤੋਂ ਉੱਪਰ ਉਠ ਕੇ ਇਸ ਧਰਨੇ ਨੂੰ ਆਰਡੀਨੈਂਸਾਂ ਦੇ ਵਾਪਸ ਨਾ ਹੋਣ ਤੱਕ ਚਲਾਉਂਦੇ ਰਹਿਣ ਦਾ ਅਹਿਦ ਲਿਆ ਅਤੇ ਇਹ ਸੰਘਰਸ਼ ਮੋਦੀ ਸਰਕਾਰ ਦੀ ਅਰਥੀ ਦਾ ਆਖਰੀ ਕਿੱਲ ਸਾਬਤ ਹੋਣਾ ਨਿਸਚਿਤ ਹੈ।