
ਫਗਵਾੜਾ 26 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਜੀ.ਆਰ.ਡੀ. ਕਾਲਜ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸਕੂਲੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮਕਸਦ ਨਾਲ ਇਕ ਸ਼ਾਨਦਾਰ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਮੁੱਖ ਤੌਰ ’ਤੇ ਲੋਕ ਗੀਤ ਗਾਇਨ, ਪੋਸਟਰ ਮੇਕਿੰਗ, ਗਿੱਧਾ, ਆਰਟ ਫ੍ਰਾਮ ਵੇਸਟ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਨ.ਆਰ.ਆਈ. ਭਗਵਾਨ ਦਾਸ ਬੱਧਨ ਯੂ.ਕੇ. ਅਤੇ ਜੀ.ਆਰ.ਡੀ. ਟਰੱਸਟ ਦੇ ਚੇਅਰਮੈਨ ਯੂ.ਸੀ. ਸਰੋਆ, ਵਿੱਤ ਸਕੱਤਰ ਦਰਸ਼ਨ ਲਾਲ ਲੇਖ, ਜਨਰਲ ਸਕੱਤਰ ਤਾਰਾਚੰਦ ਚੁੰਬਰ ਅਤੇ ਟਰੱਸਟ ਮੈਂਬਰ ਬੀ.ਐਸ.ਬਗਲਾ ਹਾਜ਼ਰ ਸਨ। ਕਾਲਜ ਦੇ ਡਾਇਰੈਕਟਰ (ਸਿੱਖਿਆ) ਡਾ. ਨੀਲਮ ਸੇਠੀ ਨੇ ਦੱਸਿਆ ਕਿ ਮੁੱਖ ਮਹਿਮਾਨ ਭਗਵਾਨ ਦਾਸ ਬੱਧਣ ਨੇ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨਾ ਸਿਰਫ਼ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ ਸਗੋਂ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦੇ ਹਨ। ਤਾਰਾ ਚੰਦ ਚੁੰਬਰ ਜੀ.ਆਰ.ਡੀ. ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਨਗਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ। ਟਰੱਸਟ ਦੇ ਚੇਅਰਮੈਨ ਯੂ.ਸੀ. ਸਰੋਆ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਕਾਲਜ ਸਟਾਫ਼ ਨੂੰ ਇਸ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ, ਉੱਥੇ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਮੁਕਾਬਲੇ ਦੇ ਜੱਜ ਹਰਭਜਨ ਸਿੰਘ ਅਤੇ ਨੀਰੂ ਗਰੋਵਰ ਸਨ। ਆਰਟ ਫ੍ਰਾਮ ਵੇਸਟ ਦੀ ਜੇਤੂ ਐਸ.ਡੀ. ਗਰਲਜ਼ ਕਾਲਜ ਦੀ ਟੀਮ ਬਣੀ। ਜਿਹਨਾਂ ਨੂੰ ਜੱਜ ਕਰਨ ਲਈ ਨਗਰ ਨਿਗਮ ਫਗਵਾੜਾ ਤੋਂ ਪੂਜਾ ਸ਼ਰਮਾ ਅਤੇ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪ੍ਰਿੰਸੀਪਲ ਡਾ. ਮਨਜੀਤ ਸਿੰਘ ਹਾਜ਼ਰ ਸਨ। ਗਿੱਧਾ ਮੁਕਾਬਲੇ ਦਾ ਪਹਿਲਾ ਇਨਾਮ ਵੀ ਐੱਸ.ਡੀ. ਕੇ.ਐਮ.ਵੀ. ਨੇ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ ਤੋਂ ਹਰਜਿੰਦਰ ਸਿੰਘ ਅਤੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਤੋਂ ਰੋਮੀ ਜੀ ਮੋਜੂਦ ਰਹੇ। ਇਸੇ ਤਰ੍ਹਾਂ ਲੋਕ ਗੀਤ ਮੁਕਾਬਲੇ ਨੂੰ ਜੱਜ ਕਰਨ ਲਈ ਐਸ.ਬੀ.ਡੀ.ਐਮ. ਕਾਲਜ ਡੁਮੇਲੀ ਤੋਂ ਸਿਮਰਨਜੀਤ ਕੌਰ ਵਾਲੀਆ ਅਤੇ ਕਰਨਵੀਰ ਸਿੰਘ ਹਾਜ਼ਰ ਸਨ। ਜਿਨ੍ਹਾਂ ਨੇ ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੂੰ ਜੇਤੂ ਐਲਾਨਿਆ। ਮੁੱਖ ਮਹਿਮਾਨ ਭਗਵਾਨ ਦਾਸ ਬੱਧਨ ਅਤੇ ਹੋਰ ਪਤਵੰਤਿਆਂ ਨੇ ਸਾਰੇ ਜੇਤੂਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਟਰਾਫੀਆਂ ਦੇ ਨਾਲ-ਨਾਲ ਸਰਟੀਫਿਕੇਟ ਵੀ ਦਿੱਤੇ। ਮੁੱਖ ਮਹਿਮਾਨ ਭਗਵਾਨ ਦਾਸ ਬੱਧਣ ਨੂੰ ਕਾਲਜ ਦੀ ਤਰਫੋਂ ਯਾਦਗਾਰੀ ਚਿੰਨ੍ਹ ਦੇ ਨਾਲ-ਨਾਲ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਸੇਠੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਕਾਲਜ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿਨ੍ਹਾਂ ਦਾ ਕਾਲਜ ਟਰੱਸਟ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ਼, ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ।
