ਮਾਨਸਾ, 15 ਜੂਨ (ਸਾਰਾ ਯਹਾਂ/ਜੋਨੀ ਜਿੰਦਲ) : ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋ ਸੀਨੀਅਰ ਸਿਟੀਜਨ ਦਿਵਸ ਮੌਕੇ ਕੋਵਿਡ—19 ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਿ਼ਲ੍ਹੇ ਦੇ ਵੱਖ—ਵੱਖ ਪਿੰਡਾਂ ਤੋਂ ਬਜੁਰਗਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸਿ਼ਲਪਾ ਨੇ ਕਿਹਾ ਕਿ ਸੀਨੀਅਰ ਸਿਟੀਜਨ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ, ਇਸ ਲਈ ਇਨ੍ਹਾਂ ਦੀ ਸੰਭਾਲ ਅਤੇ ਸਤਿਕਾਰ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਬਜੁਰਗਾਂ ਨੂੰ ਖੁੱਲ੍ਹੇ ਮਨ ਨਾਲ ਕਿਹਾ ਕਿ ਕਿਸੇ ਵੀ ਕਿਸਮ ਦੀ ਖੱਜਲ—ਖੁਆਰੀ ਜਾਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਬਜ਼ੁਰਗ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ *ਤੇ ਕੀਤਾ ਜਾਵੇਗਾ। ਸੈਮੀਨਾਰ ਦੇ ਮੁੱਖ ਬੁਲਾਰੇ ਐਡਵੋਕੇਟ ਬਲਵੰਤ ਭਾਟੀਆਂ ਨੇ ਮੈਨਟੀਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨਜ਼ ਐਕਟ 2007 ਦੇ ਹਵਾਲੇ ਨਾਲ ਕਿਹਾ ਇਹ ਕਾਨੂੰਨ ਬਜੁਰਗਾਂ ਦੀ ਸਾਂਭ—ਸੰਭਾਲ, ਖਰਚੇ ਅਤੇ ਸਨਮਾਨ ਜਨਕ ਜੀਵਨ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਾਨੂੰਨ ਹੈ ਜਿਸ ਤਹਿਤ ਉਹ ਆਪਣੀ ਔੋਲਾਦ ਤੋਂ ਸਬ ਡਿਵੀਜਨ ਪੱਧਰ *ਤੇ ਐਸ.ਡੀ.ਐਮ. ਦੀ ਅਗਵਾਈ ਵਾਲੇ ਟ੍ਰਿਬਿਊਨਲ ਵਿੱਚ ਦਰਖਾਸਤ ਦੇ ਕੇ 10000/— ਰੁਪਏ ਮਹੀਨਾ ਤੱਕ ਗੁਜਾਰਾ ਭੱਤਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਬਜੁਰਗਾਂ ਦੀ ਦੇਖਭਾਲ ਨਹੀ ਕਰਦੇ ਤਾਂ ਇਸੇ ਕਾਨੂੰਨ ਤਹਿਤ ਉਹ ਆਪਣੀ ਔਲਾਦ ਦੇ ਨਾਮ ਕਰਵਾਈਆਂ ਜਾਇਦਾਦਾਂ ਵੀ ਵਾਪਸ ਲੈ ਸਕਦੇ ਹਨ। ਇਸ ਮੌਕੇ ਬੀ.ਐਸ.ਐਨ.ਐਲ. ਦੇ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਬਲਦੇਵ ਸਿੰਘ, ਸੇਵਾਮੁਕਤ ਹੈਡ ਡਰਾਫਟਸਮੈਨ ਪਰਮਜੀਤ ਕੌਰ ਅਤੇ ਸਮਾਜਸੇਵੀ ਜਗਸੀਰ ਸਿੰਘ ਸੀਰਾ ਨੇ ਸੰਬੋਧਨ ਕਰਦਿਆਂ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮਾਜ ਵਿੱਚ ਹਾਸ਼ੀਆ—ਗ੍ਰਸਤ ਸ਼੍ਰੇਣੀਆਂ ਅਤੇ ਸਮਾਜ ਦੇ ਹੋੋਰ ਤਬਕਿਆਂ ਵਿੱਚ ਪੈਦਾ ਕੀਤੀ ਜਾ ਰਹੀ ਜਾਗਰੂਕਤਾ ਬਦਲੇ ਅਥਾਰਟੀ ਦੇ ਅਧਿਕਾਰੀਆਂ ਦੀ ਸਲਾਘਾ ਕੀਤੀ।ਉਨ੍ਹਾਂ ਕਿਹਾ ਕਿ ਬਜੁਰਗਾਂ ਦੀ ਤਰਫੋਂ ਸੇਵਾ ਮੁਕਤ ਸੂਬੇਦਾਰ ਨਛੱਤਰ ਸਿੰਘ ਅਤੇ ਪਰਮਜੀਤ ਕੌਰ ਟਿੱਬੀ ਨੇ ਬਜੁਰਗਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਦੱਸਿਆ ਜਿਨ੍ਹਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੇ ਭਰੋਸਾ ਦਵਾਇਆ।ਇਸ ਮੌਕੇ ਹੋਰਨਾ ਤੋ ਇਲਾਵਾ ਸੰਜੀਵ ਕੁਮਾਰ, ਬਲਜਿੰਦਰ ਸਿੰਘ ਅਹਿਮਦਪੁਰ, ਪਾਲਾ ਸਿੰਘ, ਬੂਟਾ ਸਿੰਘ ਉਡਤ ਆਦਿ ਹਾਜ਼ਰ ਸਨ।