
ਮਾਨਸਾ 28 ਅਕਤੂਬਰ ( ਸਾਰਾ ਯਹਾਂ/ਬਿਊਰੋ ਨਿਊਜ਼ ) ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 3 ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਹੈ ਜਿਸ ਵਿੱਚ ਸੈਂਕੜੇ ਕਿਸਾਨ ਆਪਣੀਆਂ ਜਾਨਾ ਗੁਆ ਚੁੱਕੇ ਹਨ ਅਤੇ ਪਿਛਲੇ ਮਹੀਨੇ ਤੋਂ ਦੇਸ਼ ਦੀ ਮੋਦੀ ਸਰਕਾਰ ਸਾਜਿਸ਼ ਅਧੀਨ ਕਈ ਘਟਨਾਵਾਂ ਧਰਨੇ ਵਾਲੀ ਜਗ੍ਹਾ ਉਪਰ ਕਰਵਾ ਚੁੱਕੀ ਹੈ। ਉਸੇ ਲੜੀ ਅਧੀਨ ਅੱਜ ਟਿਕਰੀ ਬਾਰਡਰ ਉਪਰ 6 ਕਿਸਾਨ ਬੀਬੀਆਂ ਉਪਰ ਇੱਕ ਵਹੀਕਲ ਦੇ ਚੜ੍ਹਨ ਦੀ ਸੂਚਨਾ ਆਈ ਜੋ ਇੱਕ ਸਾਜਿਸ਼ ਦਾ ਹਿੱਸਾ ਹੈ ਜਾਂ ਦੁਰਘਟਨਾ ਹੈ ਇਸਦੀ ਸਚਾਈ ਅਜੇ ਸਾਹਮਣੇ ਆਉਣੀ ਬਾਕੀ ਹੈ ਪਰ ਇਸ ਦੁਰਘਟਨਾਂ ਵਿੱਚ ਮਾਨਸਾ ਜਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ 3 ਬੀਬੀਆਂ ਸ਼ਹੀਦ ਹੋ ਚੁੱਕੀਆਂ ਹਨ ਅਤੇ ਦੋ ਬੀਬੀਆਂ ਜ਼ਖਮੀ ਹਾਲਤ ਵਿੱਚ ਹਨ। ਉਸੇ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਾ ਮਾਨਸਾ ਅਤੇ ਬਠਿੰਡਾ ਜਿਲ੍ਹੇ ਦਾ ਰਾਜਨੀਤਿਕ ਦੌਰਾ ਕਰਨਾ ਜਦਕਿ ਇੰਨ੍ਹਾਂ ਬੀਬੀਆਂ ਦੀਆਂ ਲਾਸ਼ਾਂ ਅਜੇ ਉਨ੍ਹਾਂ ਦੇ ਘਰਾਂ ਤੱਕ ਨਹੀਂ ਪਹੁੰਚੀਆਂ। ਇਸਤੋਂ ਇਲਾਵਾ ਅਰਵਿੰਦ ਕੇਜਰੀਵਾਲ ਦਾ ਗੁਲਦਸਤਿਆਂ ਨਾਲ ਆਮ ਆਦਮੀ ਦੇ ਆਗੂਆਂ ਵੱਲੋਂ ਸਵਾਗਤ ਕਰਨਾ ਇਹ ਗੱਲ ਦਰਸਾਉ਼ਂਦਾ ਹੈ ਕਿ ਆਮ ਆਦਮੀ ਪਾਰਟੀ ਇਸ ਕਿਸਾਨ ਅੰਦੋਲਨ ਪ੍ਰਤੀ ਕਿੰਨੀ ਕੁ ਗੰਭੀਰਤਾ ਰਖਦੀ ਹੈ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਫਾਊਂਡਰ ਮੈਂਬਰ ਰਹੇ ਹਨ, ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਦ ਸੰਯੁਕਤ ਮੋਰਚੇ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਸਪਸ਼ਟ ਅਪੀਲ ਕੀਤੀ ਹੋਈ ਹੈ ਕਿ ਜਿੰਨਾ ਸਮਾਂ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਉਨਾਂ ਸਮਾਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਨਾ ਕਰਨ। ਇਸਦੇ ਬਾਵਜੂਦ ਅਰਵਿੰਦ ਕੇਜਰੀਵਾਲ ਵੱਲੋਂ ਮਾਨਸਾ ਅਤੇ ਬਠਿੰਡਾ ਜਿਲ੍ਹੇ ਵਿੱਚ ਕਿਸਾਨ ਅਤੇ ਵਪਾਰੀ ਮਿਲਣੀ ਦੇ ਨਾਮ ਹੇਠ ਆਪਣੇ ਰਾਜਨੀਤਿਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਕਿ ਅਤੀ ਨਿੰਦਣਯੋਗ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਮੁੱਦਿਆਂ *ਤੇ ਕੇਵਲ ਵੋਟਾਂ ਦੀ ਰਾਜਨੀਤੀ ਕਰਦੇ ਹਨ। ਜਦ ਚੋਣਾਂ ਲੰਘ ਜਾਂਦੀਆਂ ਹਨ ਤਾਂ ਉਹ ਕਿਸਾਨਾਂ ਦੇ ਮੁੱਦੇ ਭੁੱਲ ਜਾਂਦੇ ਹਨ। ਇਸ ਸਬੰਧੀ ਕਈ ਉਦਾਹਰਣਾਂ ਹਨ ਜਿੰਨ੍ਹਾਂ ਵਿੱਚ ਸਾਲ 2015 ਵਿੱਚ ਜਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਖਰਾਬ ਹੋ ਜਾਣ ਕਰਕੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਇੰਨ੍ਹਾਂ ਪੀੜਿਤ ਪਰਿਵਾਰਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਸਿਰਫ ਵੋਟਾਂ ਲਈ ਰਾਜਨੀਤੀ ਤੋਂ ਬਿਨਾਂ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਪਰਿਵਾਰਾਂ ਦੀ ਕੋਈ ਇੱਕ ਪੈਸੇ ਦੀ ਵੀ ਸਹਾਇਤਾ ਨਹੀਂ ਕੀਤੀ ਗਈ ਸੀ। ਇਸਤੋਂ ਇਲਾਵਾ 2017 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇਣ ਸਬੰਧੀ ਐਲਾਨ ਕੀਤਾ ਗਿਆ ਸੀ ਪਰ ਕਿੰਨ੍ਹਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਪੈਨਸ਼ਨ ਦੇ ਰਹੀ ਹੈ, ਇਸ ਸਬੰਧੀ ਕੋਈ ਵੀ ਰਿਕਾਰਡ ਜਨਤਕ ਨਹੀਂ ਕੀਤਾ ਗਿਆ। ਇਹ ਕਿ ਇਸਤੋਂ ਇਲਾਵਾ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਉਸ ਸਮੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਕਿਸੇ ਵੀ ਭਾਰਤ ਬੰਦ ਦੇ ਸੱਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਸ਼ਹਿਰ ਨੂੰ ਬੰਦ ਕਰਵਾਉਣ ਦੀ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਪੰਜਾਬ ਦੇ ਮੁੱਦਿਆਂ ਦੇ ਉਪਰ ਅਲੱਗ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਜਿਸ ਸਮੇਂ ਦਿੱਲੀ ਜਾਂ ਹਰਿਆਣਾ ਵਿੱਚ ਹੁੰਦਾ ਹੈ ਤਾਂ ਉਸ ਸਮੇਂ ਅਲੱਗ ਭਾਸ਼ਾ ਦੀ ਵਰਤੋਂ ਕਰਦਾ ਹੈ। ਇਹ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੰਨ੍ਹਾਂ ਕਾਲੇ ਕਾਨੂੰਨਾਂ ਵਿਚੋਂ ਇੱਕ ਕਾਨੂੰਨ ਦੀ ਸਰਕਾਰੀ ਨੋਟੀਫਿਕੇਸ਼ਨ ਦੇਸ਼ ਭਰ ਵਿੱਚ ਸਭ ਤੋਂ ਪਹਿਲਾਂ ਜਾਰੀ ਕੀਤੀ ਸੀ। ਇਸਤੋਂ ਇਲਾਵਾ ਅਰਵਿੰਦ ਕੇਜਰੀਵਾਲ ਪਰਾਲੀ ਅਤੇ ਪਾਣੀਆਂ ਦੇ ਮੁੱਦੇ *ਤੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਸਟੈਂਡ ਲੈਂਦਾ ਰਿਹਾ ਹੈ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਕਿਸਾਨਾਂ ਦਾ ਹਿਤੈਸ਼ੀ ਹੁੰਦਾ ਤਾਂ ਅੱਜ ਉਹ ਦਿੱਲੀ ਵਿੱਚ ਜਖਮੀ ਬੀਬੀਆਂ ਦਾ ਖਿਆਲ ਰੱਖਣ ਲਈ ਦਿੱਲੀ ਵਿੱਚ ਰੁਕ ਕੇ ਮੱਦਦ ਕਰ ਰਿਹਾ ਹੁੰਦਾ ਅਤੇ ਸ਼ਹੀਦ ਬੀਬੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਿੰਡ ਪਹੁੰਚਾਉਣ ਲਈ ਢੁੱਕਵੇਂ ਪ੍ਰਬੰਧ ਕਰਦਾ।
ਜਾਰੀ ਕਰਤਾ:
ਗੁਰਲਾਭ ਸਿੰਘ ਮਾਹਲ ਸਾਬਕਾ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਪੰਜਾਬ
ਮੋ: 98154 27114
