ਜਿਸ ਦੇ ਸਿਰ ‘ਤੇ ਮਾਤਾ – ਪਿਤਾ ਅਤੇ ਗੁਰੂਜਨਾਂ (ਅਧਿਆਪਕਾਂ )ਦੀਆਂ ਸੱਚੀਆਂ ਅਤੇ ਪ੍ਰਬਲ ਦੁਆਵਾਂ ਹੋਣ , ਉਸ ਨੂੰ ਦੁੱਖ , ਸੰਕਟ ਤੇ ਤਕਲੀਫਾਂ ਨਹੀਂ ਛੂਹ ਸਕਦੀਆਂ-ਲਿਖਤ ਰਚਨਾ

0
11

ਪਿਆਰੇ ਬੱਚਿਓ ! ਸਤ ਸ਼੍ਰੀ ਅਕਾਲ , ਰਾਮ – ਰਾਮ , ਗੁੱਡ ਮਾਰਨਿੰਗ , ਨਮਸਤੇ , ਸਲਾਮ। ਸਭ ਤੋਂ ਪਹਿਲਾਂ ਮੈਂ ਆਪਣੀ ਇਸ ਹੱਥ – ਲਿਖਤ ਰਚਨਾ ਰਾਹੀਂ ਆਪਣੇ ਸਤਿਕਾਰਯੋਗ ਪਾਠਕਾਂ ਅਤੇ ਬਹੁਤ ਹੀ ਪਿਆਰੇ – ਪਿਆਰੇ ਬੱਚਿਆਂ ਨੂੰ ਜੋ ਕਿ ਮੇਰੀਆਂ ਰਚਨਾਵਾਂ ਪੜ੍ਹ ਕੇ ਫੋਨ ਕਰਕੇ ਮੇਰੇ ਬਾਰੇ ਪੁੱਛਦੇ ਹਨ , ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਹੇਠਲਾ , ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ਵਿਖੇ ਪੜ੍ਹਾਉਂਦਾ ਹਾਂ ਅਤੇ ਮੈਂ ਸੱਧੇਵਾਲ ਪਿੰਡ ਦਾ ਵਸਨੀਕ ਹਾਂ। ਪਿਆਰੇ ਬੱਚਿਓ ! ਅੱਜ ਤੁਹਾਨੂੰ ਇੱਕ ਅਤਿ ਜ਼ਰੂਰੀ ਅਤੇ ਮਹੱਤਵ ਰੱਖਣ ਵਾਲੀ ਸਿੱਖਿਆ ਦੇਣ ਜਾ ਰਿਹਾ ਹਾਂ । ਬੱਚਿਓ ! ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਾਤਾ – ਪਿਤਾ ਅਤੇ ਸਾਡੇ ਅਧਿਆਪਕ ਜੀ ਸਾਡੇ ਸਭ ਤੋਂ ਵੱਡੇ ਹਿਤੈਸ਼ੀ ਅਤੇ ਸੱਚੇ ਸਾਥੀ ਹੁੰਦੇ ਹਨ । ਬੱਚਿਓ ! ਜਿਹੜਾ ਬੱਚਾ ਆਪਣੇ ਮਾਤਾ – ਪਿਤਾ ਜੀ ਅਤੇ ਆਪਣੇ ਅਧਿਆਪਕਾਂ ਦਾ ਜੀਵਨ ਭਰ ਸਤਿਕਾਰ ਕਰਦਾ ਹੈ , ਉਨ੍ਹਾਂ ਦੀ ਦੱਸੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਉਸ ਉੱਤੇ ਅਮਲ ਵੀ ਕਰਦਾ ਹੈ , ਅਜਿਹਾ ਬੱਚਾ ਜਾਂ ਵਿਅਕਤੀ ਜੀਵਨ ਵਿੱਚ ਹਮੇਸ਼ਾ ਕਾਮਯਾਬੀ ਪ੍ਰਾਪਤ ਕਰਦਾ ਹੈ , ਉੱਚੀਆਂ ਮੰਜ਼ਿਲਾਂ ਸਰ ਕਰ ਲੈਂਦਾ ਹੈ ਅਤੇ ਅਜਿਹੇ ਬੱਚੇ ਨੂੰ ਆਪਣੇ ਜੀਵਨ ਵਿੱਚ ਅਨਮੋਲ ਗਿਆਨ , ਖੁਸ਼ੀ , ਕਾਮਯਾਬੀ , ਆਨੰਦ ਤੇ ਸਕੂਨ ਮਿਲਦਾ ਹੈ । ਮਾਤਾ – ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਮੰਨਣ ਵਾਲਾ ਵਿਅਕਤੀ ਜੀਵਨ ਵਿੱਚ ਦੁੱਖਾਂ , ਮੁਸੀਬਤਾਂ, ਕਸ਼ਟਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ , ਚਿੰਤਾਵਾਂ, ਡਰ – ਭੈਅ ਅਤੇ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਤੋਂ ਬਚਿਆ ਰਹਿੰਦਾ ਹੈ ; ਕਿਉਂਕਿ ਤੁਹਾਡੀ ਖੁਸ਼ੀ, ਤੁਹਾਡੀ ਕਾਮਯਾਬੀ ਤੇ ਤੁਹਾਡੀ ਤੰਦਰੁਸਤੀ ਵਿੱਚ ਹੀ ਤੁਹਾਡੇ ਮਾਤਾ – ਪਿਤਾ ਤੇ ਤੁਹਾਡੇ ਅਧਿਆਪਕਾਂ ਨੂੰ ਸੱਚੀ – ਸੁੱਚੀ ਖ਼ੁਸ਼ੀ ਮਿਲਦੀ ਹੈ । ਮਾਤਾ – ਪਿਤਾ ਤੇ ਅਧਿਆਪਕ ਸਾਡੇ ਅਜਿਹੇ ਸੱਚੇ – ਸੁੱਚੇ ਤੇ ਪਾਕਿ – ਪਵਿੱਤਰ ਰਿਸ਼ਤੇ ਹੁੰਦੇ ਹਨ , ਜੋ ਹਰ ਸਮੇਂ , ਹਰ ਥਾਂ ਅਤੇ ਹਰ ਕਿਸੇ ਪਾਸੋਂ ਤੁਹਾਡੀ ਖ਼ੁਸ਼ੀ ਤੇ ਖ਼ੁਸ਼ਹਾਲੀ ਦੀ ਹੀ ਸੱਚੀ ਕਾਮਨਾ ਕਰਦੇ ਹਨ । ਪਿਆਰੇ ਬੱਚਿਓ ! ਅੱਜ ਤੋਂ ਹੀ ਇਹ ਇੱਕ ਸੱਚਾ ਪ੍ਰਣ ਕਰ ਲਓ ਕਿ ਜਿੰਦਗੀ ਵਿੱਚ ਹਮੇਸ਼ਾ ਆਪਣੇ ਮਾਤਾ – ਪਿਤਾ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ , ਉਨ੍ਹਾਂ ਨੂੰ ਪ੍ਰਣਾਮ ਕਰਨਾ ਅਤੇ ਮਾਤਾ – ਪਿਤਾ ਅਤੇ ਆਪਣੇ ਅਧਿਆਪਕਾਂ ਦੀ ਦੱਸੀ ਸਿੱਖਿਆ ਨੂੰ ਯਾਦ ਰੱਖਣਾ ਤੇ ਉਸ ਉੱਤੇ ਅਮਲ ਜ਼ਰੂਰ ਕਰਨਾ । ਪਿਆਰੇ ਬੱਚਿਓ ! ਇਸ ਛੋਟੀ ਜਿਹੀ ਲੱਗਣ ਵਾਲੀ ਮੇਰੀ ਸਿੱਖਿਆ ਦੀ ਸਾਡੀ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ , ਇਸ ਗੱਲ ਦਾ ਅਨੁਮਾਨ ਸਾਨੂੰ ਬਹੁਤ ਸਾਲਾਂ ਬਾਅਦ ਵੱਡੇ ਹੋ ਕੇ ਪਤਾ ਲੱਗਦਾ ਹੈ । ਪਿਆਰੇ ਬੱਚਿਓ ! ਤੁਸੀਂ ਅੱਜ ਹੀ ਮੇਰੇ ਨਾਲ ਇਹ ਵਾਅਦਾ ਕਰਨਾ ਹੈ ਕਿ ਤੁਸੀਂ ਹਮੇਸ਼ਾ ਆਪਣੇ ਮਾਤਾ – ਪਿਤਾ ਅਤੇ ਆਪਣੇ ਸਤਿਕਾਰਯੋਗ ਅਧਿਆਪਕਾਂ ਦਾ ਜੀਵਨ ਭਰ ਸਤਿਕਾਰ ਕਰੋਗੇ ਅਤੇ ਉਨ੍ਹਾਂ ਦੀ ਦੱਸੀ ਸਿੱਖਿਆ ‘ਤੇ ਜੀਵਨ ਭਰ ਅਮਲ ਕਰੋਗੇ । ਫਿਰ ਤੁਸੀਂ ਦੇਖਣਾ ਕਿ ਅਧਿਆਪਕਾਂ ਅਤੇ ਮਾਤਾ – ਪਿਤਾ ਦੇ ਆਸ਼ੀਰਵਾਦ , ਦੁਆਵਾਂ ਅਤੇ ਭਾਵਨਾਵਾਂ ਨਾਲ ਤੁਸੀਂ ਜ਼ਿੰਦਗੀ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਤੱਤੀ – ਵਾਹ ਵੀ ਤੁਹਾਨੂੰ ਨਹੀਂ ਲੱਗੇਗੀ। ਇਹੋ ਜੀਵਨ ਦੀ ਸਫ਼ਲਤਾ ਦਾ ਭੇਤ ਹੈ ਅਤੇ ਸੁਚੱਜੇ , ਸ਼ਾਂਤ ਤੇ ਸਫਲ ਜੀਵਨ ਦਾ ਅਹਿਮ ਰਾਜ਼ ਹੈ। ਪਿਆਰੇ ਬੱਚਿਓ ! ਭੁੱਲ ਕੇ ਵੀ ਕਦੇ ਆਪਣੇ ਪੂਜਣਯੋਗ ਮਾਤਾ – ਪਿਤਾ ਅਤੇ ਸਤਿਕਾਰਯੋਗ ਅਧਿਆਪਕਾਂ ਦਾ ਦਿਲ ਨਾ ਦੁਖਾਇਓ , ਸਦਾ ਉਨ੍ਹਾਂ ਦੀ ਇੱਜ਼ਤ – ਮਾਣ ਤੇ ਸਤਿਕਾਰ ਕਰਿਓ ; ਕਿਉਂਕਿ ਆਪਣੇ ਮਾਤਾ – ਪਿਤਾ ਅਤੇ ਅਧਿਆਪਕਾਂ ਦੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਹਮੇਸ਼ਾ ਦੁਖੀ, ਪ੍ਰੇਸ਼ਾਨ , ਉਦਾਸ ਰਹਿੰਦਾ ਹੈ ਤੇ ਦੁੱਖਾਂ ਅਤੇ ਚਿੰਤਾਵਾਂ ਵਿੱਚ ਘਿਰਿਆ ਹੋਇਆ ਰਹਿੰਦਾ ਹੈ ਅਤੇ ਉਸ ਨੂੰ ਸਥਾਈ ਤੌਰ ‘ਤੇ ਕਦੇ ਵੀ ਸ਼ਾਂਤੀ, ਸਕੂਨ ਤੇ ਕਾਮਯਾਬੀ ਨਹੀਂ ਮਿਲਦੀ , ਉਸ ਨੂੰ ਜ਼ਿੰਦਗੀ ਵਿੱਚ ਅਸਹਿਣਯੋਗ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਲਈ ਆਪਣੇ ਮਾਤਾ – ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਸਤਿਕਾਰ ਜ਼ਰੂਰ ਕਰਨਾ , ਉਨ੍ਹਾਂ ਦਾ ਕਹਿਣਾ ਮੰਨਣਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਲੈੰਦੇ ਰਹਿਣਾ ; ਕਿਉਂਕਿ ਜਿਸ ਦੇ ਸਿਰ ‘ਤੇ ਮਾਤਾ – ਪਿਤਾ ਅਤੇ ਗੁਰੂਜਨਾਂ (ਅਧਿਆਪਕਾਂ )ਦੀਆਂ ਸੱਚੀਆਂ ਅਤੇ ਪ੍ਰਬਲ ਦੁਆਵਾਂ ਹੋਣ , ਉਸ ਨੂੰ ਦੁੱਖ , ਸੰਕਟ ਤੇ ਤਕਲੀਫਾਂ ਨਹੀਂ ਛੂਹ ਸਕਦੀਆਂ । ਹਰ ਸਮੇਂ , ਹਰ ਥਾਂ ਅਜਿਹੇ ਮਹਾਨ ਵਿਅਕਤੀ ਦੇ ਯਸ਼, ਕੀਰਤੀ, ਸਮਰਿੱਧੀ, ਖੁਸ਼ੀ , ਖੁਸ਼ਹਾਲੀ, ਧਨ ਅਤੇ ਉਮਰ ਵਿੱਚ ਵਾਧਾ ਹੁੰਦਾ ਹੈ ਤੇ ਦੁੱਖਾਂ ਦੇ ਝੱਖੜ ਅਜਿਹੇ ਵਿਅਕਤੀ ਤੋਂ ਕੋਹਾਂ ਦੂਰ ਰਹਿੰਦੇ ਹਨ । ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਹਮੇਸ਼ਾ ਤੰਦਰੁਸਤੀ , ਕਾਮਯਾਬੀ , ਤਰੱਕੀ , ਸੁੱਖ – ਸਕੂਨ ਤੇ ਖੁਸ਼ੀ – ਖੁਸ਼ਹਾਲੀ ਪ੍ਰਦਾਨ ਕਰੇ !
ਤੁਹਾਡਾ ਆਪਣਾ ,
ਮਾਸਟਰ ਸੰਜੀਵ ਧਰਮਾਣੀ

LEAVE A REPLY

Please enter your comment!
Please enter your name here