06 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਹ ਵੀਰਵਾਰ ਯਾਨੀ ਕੱਲ੍ਹ ਚੰਡੀਗੜ੍ਹ ਵਿੱਚ ਵਿਆਹ ਕਰਨਗੇ। ਭਗਵੰਤ ਮਾਨ ਡਾਕਟਰ ਗੁਰਪ੍ਰੀਤ ਨਾਲ ਵਿਆਹ ਕਰਵਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ।
ਭਗਵੰਤ ਮਾਨ ਦਾ ਇਹ ਦੂਜਾ ਵਿਆਹ
ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ 6 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੀ ਪਹਿਲੀ ਪਤਨੀ ਤੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੇ ਦੋਵੇਂ ਬੱਚੇ ਵੀ ਆਏ ਸਨ।
ਸੀਐਮ ਭਗਵੰਤ ਮਾਨ ਦੀ ਮਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਫਿਰ ਤੋਂ ਸੈਟਲ ਹੋ ਜਾਵੇ। ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮਾਨ ਨੇ ਦੁਬਾਰਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਲਈ ਵੀ ਉਸ ਦੀ ਮਾਂ ਤੇ ਭੈਣ ਨੇ ਹੀ ਕੁੜੀ ਨੂੰ ਚੁਣਿਆ ਹੈ।
ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਹੋਣਗੇ ਸ਼ਾਮਲ
ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋ ਰਿਹਾ ਹੈ। ਇੱਕ ਛੋਟੇ ਜਿਹੇ ਨਿੱਜੀ ਸਮਾਰੋਹ ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣਗੇ।
ਕਾਬਲੇਗ਼ੌਰ ਹੈ ਕਿ ਸਿਆਸਤ `ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਹ ਕਾਫ਼ੀ ਸਟੇਜ ਸ਼ੋਅਜ਼ ਵਿੱਚ ਵੀ ਹਿੱਸਾ ਲੈਂਦੇ ਰਹੇ। ਉਨ੍ਹਾਂ ਨੇ ਕਮੇਡੀਅਨ ਦੇ ਰੂਪ ਵਿੱਚ ਬਹੁਤ ਨਾਮ ਕਮਾਇਆ। ਉਨ੍ਹਾਂ ਦਾ ਜੁਗਨੂ ਨਾਂ ਦਾ ਕਿਰਦਾਰ ਹਰ ਘਰ ਦੀ ਪਸੰਦ ਬਣ ਗਿਆ। ਉਨ੍ਹਾਂ ਨੇ ਇੰਦਰਪ੍ਰੀਤ ਕੌਰ ਨਾਲ ਵਿਆਹ ਕਰਾਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਪਰ ਮਾਨ ਤੇ ਉਨ੍ਹਾਂ ਦੀ ਪਤਨੀ ਵਿਚਾਲੇ ਅਣਬਣ ਹੋਣ ਕਾਰਨ ਉਨ੍ਹਾਂ ਦਾ ਵਿਆਹ ਟੁੱਟ ਗਿਆ। ਉਨ੍ਹਾਂ ਦੀ ਪਤਨੀ ਆਪਣੇ ਦੋਵੇਂ ਬੱਚਿਆਂ ਨਾਲ ਵਿਦੇਸ਼ `ਚ ਜਾ ਵੱਸੇ।
2011 `ਚ ਸਿਆਸੀ ਸਫ਼ਰ ਦੀ ਸ਼ੁਰੂਆਤ
ਭਗਵੰਤ ਮਾਨ 2011 ਦੇ ਸ਼ੁਰੂ ਵਿਚ, ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋਏ. 2012 ਵਿਚ, ਉਹ ਲਹਿਰਾਗਾਗਾ ਹਲਕੇ ਵਿੱਚ ਚੋਣ ਲੜਨ ਵਿੱਚ ਅਸਫਲ ਰਹੇ ਸਨ।
ਮਾਰਚ 2014 ਵਿੱਚ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਨੇ 200,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
2019 ਵਿਚ, ਮਾਨ ਨੇ ਫਿਰ ਲੋਕ ਸਭਾ ਦੀ ਸੰਗਰੂਰ ਤੋਂ ਸੀਟ ਜਿੱਤ ਕੇ ਭਾਰਤ ਦੀਆਂ ਆਮ ਚੋਣਾਂ ਵਿੱਚ 111,111 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।