
ਚੰਡੀਗੜ੍ਹ 14,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ’ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ ’ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਸਨਮਾਨਯੋਗ ਆਗੂ ਹਨ। ਪੰਜਾਬ ਦੀ ਰਾਜਨੀਤੀ ’ਚ ਉਨ੍ਹਾਂ ਦਾ ਇੱਕ ਵਿਸ਼ੇਸ਼ ਸਥਾਨ ਹੈ।
ਕੰਗ ਨੇ ਕਾਂਗਰਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੂਰੇ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਸਮਾਜ ਨੂੰ ਊਚ- ਨੀਚ, ਜਾਤ- ਧਰਮ ਵਿੱਚ ਵੰਡਣਾ ਹੀ ਕਾਂਗਰਸ ਦੀ ਮੁੱਖ ਰਾਜਨੀਤੀ ਰਹੀ ਹੈ। ਅੱਜ ਸੁਨੀਲ ਜਾਖੜ ਨੂੰ ਕਾਂਗਰਸ ਦੀ ਇਸ ਘਟੀਆ ਰਾਜਨੀਤੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ।
ਦਰਅਸਲ ‘ਚ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਕਾਂਗਰਸ (Congress) ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ (Sunil Jakhar) ਨੇ ਪਾਰਟੀ ਨੂੰ ਇਹ ਝਟਕਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁੁਨੀਲ ਜਾਖੜ ਨੇ ਕੁੱਝ ਦੇਰ ਪਹਿਲਾਂ ਹੀ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਉਦੋਂ ਤੋਂ ਹੀ ਕਾਂਗਰਸ (Congress) ਲੀਡਰਸ਼ਿਪ ਤੋਂ ਨਾਰਾਜ਼ ਸਨ ,ਜਦੋਂ ਤੋਂ ਪਾਰਟੀ ਨੇ ਉਨ੍ਹਾਂ ਖਿਲਾਫ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਵਾਈ ਕੀਤੀ ਸੀ। ਜਾਖੜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ, ‘ਇਹ ਪਾਰਟੀ ਨੂੰ ਮੇਰਾ ਤੋਹਫ਼ਾ ਹੈ। ਕਾਂਗਰਸ ਨੂੰ ਸ਼ੁਭਕਾਮਨਾਵਾਂ ਅਤੇ ਅਲਵਿਦਾ। ਫੇਸਬੁੱਕ ਲਾਈਵ ਤੋਂ ਪਹਿਲਾਂ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਾਂਗਰਸ ਦਾ ਨਾਂ ਹਟਾ ਦਿੱਤਾ ਸੀ।
