
ਨਵੀਂ ਦਿੱਲੀ 28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): 26 ਜਨਵਰੀ ਦੇ ਮੌਕੇ ਦਿੱਲੀ ‘ਚ ਹੋਈ ਹਿੰਸਾ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਡਾ ਤੇ ਸਖਤ ਐਕਸ਼ਨ ਪਲਾਨ ਬਣਾਇਆ ਹੈ। ਇਸ ਤਹਿਤ ਜਿੱਥੇ ਇਕ ਪਾਸੇ ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ। ਉੱਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿਖਸ ਫਾਰ ਜਸਟਿਸ ਦੇ ਇਕ ਮਾਮਲੇ ‘ਚ ਯੂਏਪੀਏ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਾਰ ਲਾਲ ਕਿਲ੍ਹੇ ‘ਚ ਹੋਏ ਹੰਗਾਮੇ ਤਕ ਪਹੁੰਚ ਸਕਦੇ ਹਨ।
ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਹਸਪਤਾਲਾਂ ਚ ਜਾਕੇ ਜ਼ਖ਼ਮੀ ਪੁਲਿਸ ਕਰਮੀਆਂ ਦਾ ਹਾਲਚਾਲ ਪੁੱਛਿਆ। ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ‘ਚ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਉਨ੍ਹਾਂ ਕਿਸਾਨ ਆਗੂਆਂ ਦੇ ‘ਲੁੱਕਆਊਟ ਨੋਟਿਸ‘ ਜਾਰੀ ਕਰਨ ਦੀ ਹਦਾਇਤ ਦੇ ਦਿੱਤੀ ਹੈ, ਜਿਨ੍ਹਾਂ ਦੇ ਨਾਂ 26 ਜਨਵਰੀ ਦੀ ਕਿਸਾਨ ਪਰੇਡ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਦਾਇਰ ਹੋਈਆਂ ਐਫ਼ਆਈਆਰਜ਼ ਵਿੱਚ ਹਨ।

ਕਿਸਾਨ ਆਗੂਆਂ ਦੇ ਲੁੱਕ ਆਊਟ ਨੋਟਿਸ ਜਾਰੀ ਕਰਨ ਬਾਰੇ ਫ਼ੈਸਲਾ ਕੇਂਦਰੀ ਗ੍ਰਹਾ ਮੰਤਰਾਲੇ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਗਈ ਉਹ ‘ਮੁਲਜ਼ਮ ਕਿਸਾਨ ਆਗੂਆਂ’ ਦੇ ਪਾਸਪੋਰਟ ਆਪਣੇ ਕੋਲ ਜਮ੍ਹਾ ਕਰਵਾ ਲਵੇ।

ਕਿਸਾਨ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਵੀ ਜਾਰੀ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ, ਸਦੋਂ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਨਾਲ ਹੋਏ ਸਮਝੋਤੇ ਦੀ ਉਲੰਘਣਾ ਕੀਤੀ ਹੈ। ਕਿਸਾਨ ਆਗੂਆਂ ਨੂੰ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ ਹੈ।
