
ਮਾਨਸਾ, 19 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਸੈਨਿਕ ਬੋਰਡ, ਮਾਨਸਾ ਦੀ ਤਿਮਾਹੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਹੋਈ ਜਿੱਥੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਸ਼ਿਰਕਤ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ:), ਸਕੱਤਰ, ਜ਼ਿਲ੍ਹਾ ਸੈਨਿਕ ਬੋਰਡ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਮਾਨਸਾ ਵੱਲੋਂ ਸਮੂਹ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਮੂਹ ਹਾਜ਼ਰੀਨ ਨਾਲ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮਾਨਸਾ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸੈਨਿਕ ਬੋਰਡ-ਕਮ-ਡਿਪਟੀ ਕਮਿਸ਼ਨਰ, ਸ਼੍ਰ. ਕੁਲਵੰਤ ਸਿੰਘ, ਆਈ.ਏ.ਐਸ ਵੱਲੋਂ ਜ਼ਿਲ੍ਹੇ ਦੇ ਸਮੂਹ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਨ ਉਪਰੰਤ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਵਾਇਆ।
ਮੀਟਿੰਗ ਦੌਰਾਨ ਝੰਡਾ ਦਿਵਸ ਫੰਡ ਦੀ ਇਕੱਤਰਤਾ, ਸ਼ਿਕਾਇਤਾਂ ਦਾ ਨਿਵਾਰਨ, ਈ.ਸੀ.ਐਚ.ਐਸ ਵਿਖੇ ਸਾਬਕਾ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ, ਸਾਬਕਾ ਸੈਨਿਕਾਂ ਦੇ ਅਸਲਾ ਲਾਇਸੈਂਸਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ, ਸ਼ਹੀਦੀ ਸਮਾਰਕ ਅਤੇ ਫੋਟੋ ਗੈਲਰੀ ਆਦਿ ਸਬੰਧੀ ਵਿਸਥਾਰ ਸਹਿਤ ਵਿਚਾਰ-ਚਰਚਾ ਕੀਤੀ ਗਈ।
ਇਸ ਦੌਰਾਨ ਇੱਕ ਲੋੜਵੰਦ ਲਾਭਪਾਤਰੀ ਨੂੰ ਝੰਡਾ ਦਿਵਸ ਫੰਡ ਵਿੱਚੋਂ 20,000/- ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਸਕੱਤਰ, ਜ਼ਿਲ੍ਹਾ ਸੈਨਿਕ ਬੋਰਡ, ਮਾਨਸਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ:), ਸ੍ਰ: ਜਸਕਰਨ ਸਿੰਘ (ਜੂਨੀਅਰ ਸਹਾਇਕ), ਸ੍ਰ: ਨਾਇਬ ਸਿੰਘ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸੀ।
