
ਮਾਨਸਾ, 30 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਸੁਧਾਰ ਘਰ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਬੰਦੀਆਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਜੇਲ੍ਹ ਸੁਪਰਡੰਟ ਸ੍ਰੀ ਪਰਮਜੀਤ ਸਿੰਘ ਸਿੱਧੂ ਨੇ ਕੈਦੀਆਂ ਨੂੰ ਸਮਾਜਿਕ ਕੁਰੀਤੀਆਂ, ਹਰ ਕਿਸਮ ਦੇ ਨਸ਼ੇ, ਲੜਾਈ ਝਗੜੇ ਅਤੇ ਗੁਨਾਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਬਾਰੇ ਵੀ ਜਾਣੂ ਕਰਵਾਇਆ।

ਇਸ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਮਾਸਕ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਗਿਆ। ਕੀਰਤਨੀਏ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਵਿਆਖਿਆ ਕੀਤੀ ਗਈ। ਬੰਦੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਤੇ ਚਲਦਿਆਂ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੀ ਪ੍ਰੇਰਣਾ ਦਿੱਤੀ ਗਈ।

ਇਸ ਤੋੰ ਇਲਾਵਾ ਇਕ ਐਨ.ਜੀ.ਓ. ਵੱਲੋਂ ਸਰਦੀ ਦੇ ਮੌਸਮ ਨੂੰ ਵੇਖਦਿਆਂ ਲੋੜਵੰਦ ਬੰਦੀਆਂ ਨੂੰ ਬੂਟ ਭੇਂਟ ਕੀਤੇ ਗਏ। ਅਖ਼ੀਰ ਵਿਚ ਜੇਲ੍ਹ ਸੁਪਰਡੰਟ ਵੱਲੋੰ ਐਨ.ਜੀ.ਓ., ਗੁਰਦੁਆਰਾ ਕਮੇਟੀ, ਸਮੂਹ ਸੇਵਾਦਾਰ, ਬੰਦੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ।
