ਮਾਨਸਾ, 19 ਅਕਤੂਬਰ(ਸਾਰਾ ਯਹਾ / ਹੀਰਾ ਸਿੰਘ ਮਿੱਤਲ) : ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਸਿਹਤ ਸਹੂਲਤਾਂ ਦੀ ਉਪਲਬਧਤਾ ਸਬੰਧੀ ਮਾਨਸਾ ਦੇ ਸਿਹਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਹਾਲੇ ਵੀ ਸਾਨੂੰ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਤਬਦੀਲ ਹੋ ਰਹੇ ਮੌਸਮ ਕਾਰਨ ਆਪਣੇ ਸਰੀਰ ਨੂੰ ਹੋਰਨਾਂ ਬਿਮਾਰੀਆਂ ਤੋਂ ਬਚਾਉਣ ਲਈ ਵੀ ਪੂਰੀ ਅਹਿਤਿਆਤ ਵਰਤਣੀ ਚਾਹੀਦੀ ਹੈ। ਸ਼੍ਰੀ ਮਿੱਤਲ ਨੇਕਿਹਾ ਕਿ ਸਰਕਾਰੀ ਹਸਪਤਾਲਾਂ ਵਿਖੇ ਮਿਆਰੀ ਅਤੇ ਆਧੁਨਿਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ, ਮਲੇਰੀਆ, ਚਿਕਨਗੁਨੀਆਂ ਤੋਂ ਬਚਾਅ ਲਈ ਜਿਥੇ ਜਾਗਰੂਕਤਾ ਮੁਹਿੰਮ ਨੂੰ ਤੇਜ ਰੱਖਿਆ ਜਾਵੇ ਉਥੇ ਹੀ ਹਸਪਤਾਲਾਂ ਵਿੱਚ ਵੀ ਇਲਾਜ ਦੇ ਪੂਰੇ ਪ੍ਰਬੰਧ ਰੱਖੇ ਜਾਣ।ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਹਰਚੰਦ ਸਿੰਘ ਅਤੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐੱਸ.ਐੱਮ.ਓ ਹਰਚੰਦ ਸਿੰਘ ਨੇ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਉਪਲਬਧ ਹਨ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਅਤੇ ਟੈਸਟ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਫਤੇ ਵਿੱਚ ਇੱਕ ਦਿਨ ਡ੍ਰਾਈ ਡੇਅ ਦੇ ਤੌਰ ‘ਤੇ ਮਨਾਉਣ ਅਤੇ ਆਲੇ-ਦੁਆਲੇ ਦੀ ਸਫਾਈ ਰੱਖਦੇ ਹੋਏ ਵਿਭਾਗੀ ਸਲਾਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।