ਮਾਨਸਾ, 27 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਅਫ਼ਸਰ ਮਾਨਸਾ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿੱਚ ਸਥਿਤ ਕਾਮਨ ਸਰਵਿਸ ਸੈਂਟਰ ਲੋਕਲ ਪਿੰਡ ਵਾਲਿਆਂ ਲਈ ਕਰਫਿਊ ਦੌਰਾਨ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਖੌਲੇ ਜਾਣ।
ਕਾਮਨ ਸਰਵਿਸ ਸੈਂਟਰਾਂ ਦੇ ਕੰਮਾਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੈਜਰ ਕਾਮਨ ਸਰਵਿਸ ਸੈਂਟਰ ਸ਼੍ਰੀ ਗਿਰੀਨੰਦਨ ਨੇ ਦੱਸਿਆ ਕਿ ਇਨ੍ਹਾ ਕਾਮਨ ਸਰਵਿਸ ਸੈਂਟਰਾਂ ਵਿੱਚ ਪਿੰਡ ਵਾਸੀ ਸਰਕਾਰੀ ਅਤੇ ਪ੍ਰਾਈਵੇਟ ਸੇਵਾਵਾਂ ਜਿਵੇ ਬੁਢਾਪਾ ਪੈਂਨਸ਼ਨ, ਵਿਧਵਾ ਪੈਂਨਸ਼ਨ, ਲਾਭਪਾਤਰੀ ਕਾਪੀ, ਕਿਸਾਨ ਨਿੱਧੀ ਅਤੇ ਕਿਸੇ ਵੀ ਤਰ੍ਹਾ ਦੇ ਹੋਰ ਬੈਂਕ ਅਕਾਉਂਟ ਵਿੱਚੋਂ ਰੁਪਏ ਕਢਵਾਉਣੇ, ਵੀਡਿਓ ਕਾਲ ਰਾਹੀਂ ਡਾਕਟਰਾਂ ਨਾਲ ਸੰਪਰਕ, ਪੰਜਾਬ ਸਰਕਾਰ ਦੇ ਕੋਵਾ ਐਪ ਰਾਹੀਂ ਕਰਫਿਊ ਪਾਸ ਅਪਲਾਈ ਕਰਨੇ ਅਤੇ ਮੰਨਜ਼ੂਰ ਕਰਫਿਊ ਪਾਸ ਦਾ ਪ੍ਰਿੰਟਆਉਟ, ਅਰੋਗਿਆ ਸੇਤੂ ਐਪ ਪਿੰਡ ਵਾਸੀਆਂ ਦੇ ਸਮਾਰਟ ਫੋਨ ਵਿੱਚ ਇਨਸਟਾਲ ਕਰਨਾ ਅਤੇ ਇਸ ਸਬੰਧੀ ਜਾਣਕਾਰੀ ਦੇਣਾ।
ਜ਼ਿਲ੍ਹਾ ਮੈਨੈਜਰ ਕਾਮਨ ਸਰਵਿਸ ਸੈਂਟਰ ਸ਼੍ਰੀ ਗਿਰੀਨੰਦਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਸਿਹਤ ਬੀਮਾ ਸਕੀਮ ਤਹਿਤ ਸਰਕਾਰ ਦੁਆਰਾ ਪੰਜ ਲੱਖ ਦਾ ਮੈਡੀਕਲ ਕਾਰਡ ਲੈਣ ਸਬੰਧੀ, ਪੀ.ਐਮ. ਕਿਸਾਨ ਨਿੱਧੀ ਦੇ ਫਾਰਮ ਅਪਲਾਈ ਕਰਨ ਸਬੰਧੀ, ਬਿਜਲੀ, ਪਾਣੀ ਤੇ ਸੀਵਰੇਜ਼, ਟੈਲੀਫੋਨ ਦੇ ਬਿਲ, ਮੋਬਾਇਲ ਰੀਚਾਰਜ, ਡਿਸ਼ ਰੀਚਾਰਜ ਸਬੰਧੀ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਹੀ ਤਰ੍ਹਾ ਦੇ ਬੀਮੇ ਕਰਨੇ, ਗੈਸ ਕੁਨੈਕਸ਼ਨ ਰੀਫਿਲਿੰਗ ਲਈ ਆਨਲਾਈਨ ਬੁਕਿੰਗ, ਆਨਲਾਈਨ ਪੈਨ ਕਾਰਡ ਅਪਲਾਈ, ਅਧਾਰ ਕਾਰਡ ਦਾ ਪ੍ਰਿੰਟ ਆਉਟ ਪ੍ਰਾਪਤ ਕਰਨਾ, ਆਨਲਾਈਨ ਸਟੱਡੀ ਮਟਿਰੀਅਲ ਸੇਵਾਵਾਂ ਤੋਂ ਇਲਾਵਾ ਹੋਰ ਵੀ ਕਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਨ੍ਹਾ ਸਰਵਿਸ ਸੈਂਟਰਾਂ ‘ਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਵੇ, ਮੂੰਹ ‘ਤੇ ਮਾਸਕ ਜ਼ਰੂਰ ਲਗਾਇਆ ਜਾਵੇ, ਧਾਰਾ 144 ਦੀ ਪਾਲਣਾ ਕੀਤੀ ਜਾਵੇ, ਸੈਨੇਟਾਇਜਰ ਦੀ ਵਰਤੋ ਕਰਨਾ ਯਕੀਨੀ ਬਣਾਇਆ ਜਾਵੇ। ਵੀ.ਐਲ.ਈ.(Villagr Level Entrepreneur) ਵੱਲੋਂ ਸਰਕਾਰੀ ਬਣਦੀ ਫੀਸ ਦੀ ਰਸੀਦ ਗਾਹਕ ਨੂੰ ਦਿੱਤੀ ਜਾਵੇ ਅਤੇ ਰਸੀਦ ਅਨੁਸਾਰ ਹੀ ਬਣਦੀ ਫੀਸ ਲਈ ਜਾਵੇ। ਜੇਕਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ