ਮਾਨਸਾ, 02 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੇ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਸਥਿਤ ਜ਼ਿਲ੍ਹਾ ਯੋਗਾ ਸੰਸਥਾ ਵਿਖੇ ਭਾਸ਼ਾ ਵਿਭਾਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਸਥਾ ਦੇ ਸਿੱਖਿਆਰਥੀਆਂ ਅਤੇ ਅਧਿਆਪਿਕਾਂ ਨੇ ਭਾਗ ਲਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਹ ਸੈਕਸ਼ਨ ਪਹਿਲਾਂ ਮਹਿਕਮਾ ਪੰਜਾਬੀ ਤੇ ਮੁੜ ਭਾਸ਼ਾ ਵਿਭਾਗ ਬਣਿਆ। ਇਸ ਮੌਕੇ ਇਨ੍ਹਾਂ ਨੇ ਭਾਸ਼ਾ ਐਕਟ ਦੀ ਜਾਣਕਾਰੀ ਵੀ ਦਿੱਤੀ।
ਵਿਭਾਗ ਦੇ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਪੰਜਾਬੀ ਬੋਲੀ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਬੋਲੀ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਮਨੁੱਖ ਦੇ ਜੀਣ-ਥੀਣ ਦਾ ਵਸੀਲਾ ਹੁੰਦੀ ਹੈ। ਮਨੁੱਖ ਆਪਣੇ ਆਪ ਨੂੰ ਆਪਣੀ ਮਾਂ-ਬੋਲੀ ਵਿਚ ਹੀ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਗਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਉਹੀ ਕੌਮਾਂ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੀ ਜ਼ੁਬਾਨ ਵਿਚ ਕੰਮ ਕਰਦੀਆਂ ਹਨ।
ਇਸ ਮੌਕੇ ਇਨ੍ਹਾਂ ਸਿੱਖਿਆਰਥੀਆਂ ਨੂੰ ਵੱਧ ਤੋਂ ਵੱਧ ਕਾਰਜ ਪੰਜਾਬੀ ਵਿਚ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿਚ ਯੋਗਾ ਅਧਿਆਪਕ ਹਰਵਿੰਦਰ ਸਿੰਘ ਅਤੇ ਮੰਜੂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਕੋਰਸ ਯੋਗਾ ਦੀ ਸਾਰੀ ਤਕਨੀਕੀ ਭਾਸ਼ਾ ਵੀ ਪੰਜਾਬੀ ਵਿਚ ਹੀ ਪ੍ਰਯੋਗ ਕਰਦੇ ਹਾਂ। ਸਾਡੇ ਸਿਖਿਆਰਥੀਆਂ ਨੇ ਸਿੱਖਣ ਤੋਂ ਬਾਅਦ ਪਿੰਡਾਂ ਵਿਚ ਸੇਵਾ ਕਰਨੀ ਹੈ। ਯੋਗਾ ਸਿਖਿਆਰਥੀਆਂ ਨੇ ਭਾਸ਼ਾ ਵਿਭਾਗ ਦੀ ਸਥਾਈ ਪੁਸਤਕ ਪ੍ਰਦਰਸ਼ਨੀ ਵਿਚ ਵਿਭਾਗ ਦੀਆਂ ਮਹੱਤਵਪੂਰਨ ਕਿਤਾਬਾਂ ਨੂੰ ਦੇਖਿਆ ਤੇ ਵਾਚਿਆ।