ਮਾਨਸਾ 06 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਐੱਨ. ਐੱਸ. ਕਿਊ. ਐੱਫ. ਦੇ ਸਕਿਲ ਮਾਡਲ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਾਨਸਾ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਮਾਨਸਾ ਅਸ਼ੋਕ ਕੁਮਾਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸਮੁੱਚੇ ਮਾਨਸਾ ਜ਼ਿਲ੍ਹੇ ਦੇ 5 ਬਲਾਕਾਂ ਬਰੇਟਾ, ਝੁਨੀਰ, ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਦੇ ਵੱਖ-ਵੱਖ ਸਕੂਲਾਂ ਵੱਲੋਂ ਸਕਿਲ ਮਾਡਲਾਂ ਲਈ ਭੇਜੀਆਂ ਪੇਸ਼ਕਸ਼ਾਂ ਵਿੱਚੋਂ ਚੁਣੀਆਂ ਗਈਆਂ 20 ਟੀਮਾਂ ਨੇ ਭਾਗ ਲਿਆ। ਇਸ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਕਿੱਲਜ਼ ਨਾਲ ਸਬੰਧਤ ਬਹੁਤ ਸੋਹਣੇ-ਸੋਹਣੇ ਮਾਡਲਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ।ਇਨ੍ਹਾਂ ਮੁਕਾਬਲਿਆ ਦਾ ਸਮੁੱਚਾ ਪ੍ਰਬੰਧ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਨਰਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਮੁਕਾਬਲੇ ਵਿੱਚ ਸ਼ਾਮਲ ਵਿਦਿਆਰਥੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ-ਆਪਣੇ ਗਾਇਡ ਅਧਿਆਪਕਾਂ ਦੀ ਸੁਚੱਜੀ ਅਗਵਾਈ ਹੇਠ ਇਨ੍ਹਾਂ ਮਾਡਲਾਂ ਦੀ ਵਧੀਆ ਪੇਸ਼ਕਾਰੀ ਹਿੱਤ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ। ਸਾਰੀਆਂ ਹੀ ਟੀਮਾਂ ਵੱਲੋਂ ਜੱਜਾਂ ਸਾਹਮਣੇ ਆਪਣੇ-ਆਪਣੇ ਮਾਡਲਾਂ ਦੀ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਗਈ । ਮੁਕਾਬਲੇ ਦੌਰਾਨ ਮਾਡਲ ਦੀ ਦਰਜ਼ਾਬੰਦੀ ਕਰਨ ਹਿੱਤ ਜੱਜਮੈਂਟ ਦੀ ਭੂਮਿਕਾ ਡਾ. ਵਿਜੇ ਕੁਮਾਰ ਮਿੱਢਾ ਪਿ੍ੰਸੀਪਲ ਸਕੂਲ ਆਫ ਐਮੀਨੈੱਸ ਮਾਨਸਾ, ਡਾ. ਵਿਨੋਦ ਮਿਤੱਲ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਵਿਪਨਪਾਲ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ ਅਤੇ ਵਿਕਾਸ ਗੋਇਲ ਵੱਲੋਂ ਬਾਖੂਬੀ ਨਿਭਾਈ ਗਈ। ਸਾਰੀਆਂ ਹੀ ਟੀਮਾਂ ਨੇ ਬਹੁਤ ਮਿਹਨਤ ਕੀਤੀ ਸੀ ਪ੍ਰੰਤੂ ਸਭ ਤੋਂ ਵਧੀਆ ਪੇਸ਼ਕਾਰੀ ਵਾਲੇ ਪਹਿਲੇ ਤਿੰਨ ਮਾਡਲਾਂ ਦੀਆਂ ਟੀਮਾਂ ਨੂੰ ਹੀ ਨਗਦ ਰਾਸ਼ੀ, ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਸਨਮਾਨਤ ਕੀਤਾ ਗਿਆ। ਜਿਲ੍ਹਾ ਪੱਧਰੀ ਸਕਿਲਜ਼ ਮੁਕਾਬਲੇ ਵਿਚ ਪਹਿਲਾ ਸਥਾਨ ਲਵਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ, ਦੂਜਾ ਸਥਾਨ ਅਰਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਅਤੇ ਤੀਸਰਾ ਸਥਾਨ ਜਸ਼ਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਨਸਾ ਨੇ ਪ੍ਰਾਪਤ ਕੀਤਾ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 4000 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3000 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ ।
ਮੰਚ ਸੰਚਾਲਨ ਦੀ ਭੂਮਿਕਾ ਡਾ. ਵਿਨੋਦ ਮਿੱਤਲ ਵੱਲੋਂ ਬਾਖੂਬੀ ਨਿਭਾਈ ਗਈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਮਾਨਸਾ ਅਸ਼ੋਕ ਕੁਮਾਰ ਵੱਲੋਂ ਮੇਲੇ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਵੀ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮੁਕਾਬਲੇ ਦੌਰਾਨ ਹਾਜ਼ਰ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਿਫਰੈੰਸ਼ਮੈੰਟ ਵੀ ਦਿੱਤੀ ਗਈ। ਇਸ ਤਰਾਂ ਐੱਨ. ਐੱਸ. ਕਿਊ. ਐੱਫ. ਦਾ ਇਹ ਜਿਲ੍ਹਾ ਪੱਧਰੀ ਸਕਿਲ ਮੁਕਾਬਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆਂ।