ਮਾਨਸਾ, 05 ਜੂਨ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਜ਼ਿਲ੍ਹਾ ਅਤੇ ਸੈ਼ਸਨਜ਼ ਜੱਜ—ਕਮ—ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ੍ਰੀਮਤੀ ਨਵਜੋਤ ਕੋਰ ਨੇ ਜ਼ਿਲ੍ਹਾ ਮਾਨਸਾ ਵਿੱਚ ਕਰੋਨਾ ਮਹਾਮਾਰੀ ਦੇ ਰੋਕਥਾਮ ਦੇ ਪ੍ਰਬੰਧਾਂ ਦੀ ਚਰਚਾ ਕਰਨ ਲਈ ਡਿਪਟੀ ਕਮਿਸਨਰ ਸ਼੍ਰੀ ਮਹਿੰਦਰ ਪਾਲ, ਵਧੀਕ ਡਿਪਟੀ ਕਮਿਸਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਚੀਫ ਜੂਡੀਸ਼ੀਅਲ ਮੈਜਿਸਟਰੈਟ—ਕਮ—ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸਿਲਪਾ, ਚੀਫ ਜੂਡੀਸ਼ੀਅਲ ਮੈਜਿਸਟਰੇਟ ਸ਼੍ਰੀ ਅਤੁਲ ਕੰਬੋਜ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਨਸਾ ਸ਼੍ਰੀ ਰਵੀ ਜਿੰਦਲ ਅਤੇ ਵੱਖ—ਵੱਖ ਸਮਾਜ ਸੇਵੀ ਸੰਸਥਾਵਾ ਨਾਲ ਮੀਟਿੰਗ ਕੀਤੀ।ਇਸ ਮੌਕੇ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ 7ਵੀਂ ਹਾਈ ਪਾਵਰਡ ਕਮੇਟੀ ਵਿੱਚ ਜਾਰੀ ਹਦਾਇਤਾਂ ਅਨੁਸਾਰ ਪੈਰੋਲ ਸਬੰਧੀ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ। ਇਸ ਤੋ ਇਲਾਵਾ ਉਨ੍ਹਾਂ ਸਿਵਲ ਸਰਜਨ ਮਾਨਸਾ ਨੂੰ ਜੇਲ੍ਹ ਵਿੱਚਲੇ 18 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਦੀ ਵੈਕਸੀਨੇਸ਼ਨ
ਯਕੀਨੀ ਬਨਾਉਣ ਲਈ ਹਦਾਇਤ ਕੀਤੀ ਅਤੇ ਰੋਟਰੀ ਕਲੱਬ ਵੱਲੋ ਸਿਵਲ ਹਸਪਤਾਲ ਮਾਨਸਾ ਨੂੰ ਪ੍ਰਦਾਨ ਕੀਤੀ ਗਈਆਂ ਬਾਇਉ ਪਾਈਪ ਮਸੀਨਾਂ ਨੂੰ ਚਲਾਉਣ ਲਈ ਕਿਹਾ ਗਿਆ।ਇਸ ਸਬੰਧੀ ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਇਨ੍ਹਾਂ ਮਸੀਨਾਂ ਨੂੰ ਚਲਾਉਣ ਵਾਲਾ ਕੋਈ ਅਧਿਕਾਰੀ ਨਹੀ ਹੈ ਅਤੇ ਇਨ੍ਹਾਂ ਮਸੀਨਾਂ ਨੂੰ ਇੰਡੀਅਨ ਮੈਡੀਕਲ ਐਸੋਸੇਏਸਨ ਦੀ ਸਹਾਇਤਾ ਨਾਲ ਕਿਸੇ ਢੁੱਕਵੀ ਜਗ੍ਹਾ ‘ਤੇ ਪਹੁੰਚਾਇਆ ਜਾਵੇਗਾ, ਤਾਂ ਜੋ ਇਸਦੀ ਸੁਚੱਜੀ ਵਰਤੋਂ ਹੋ ਸਕੇ। ਇਸ ਤੋਂ ਇਲਾਵਾ ਰੋਟਰੀ ਕਲੱਬ ਵੱਲੋ ਸ਼ਹਿਰ ਵਾਸੀਆ ਦੀ ਸਹੂਲਤ ਲਈ 1 ਐਂਬੂਲੈਂਸ ਦੇਣ ਦੀ ਗੱਲ ਵੀ ਕਹੀ ਗਈ ਹੈ।ਮੀਟਿੰਗ ਦੌਰਾਨ ਜ਼ਿਲ੍ਹਾ ਅਤੇ ਸੈ਼ਸਨਜ਼ ਜੱਜ ਨੇ ਕਾਰਜ ਸਾਧਕ ਅਫਸਰ ਮਾਨਸਾ ਨੂੰ ਸਹਿਰ ਵਿਚਲੇ ਕਚਰੇ ਅਤੇ ਪਲਾਸਟਿਕ ਵੇਸਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਦੀ ਹਦਾਇਤ ਕੀਤੀ।