*ਜ਼ਮੀਨ ਦੀ ਵਿਕਰੀ ਦੌਰਾਨ ਰਾਜ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ*

0
125

ਚੰਡੀਗੜ੍ਹ 5 ਮਈ (ਸਾਰਾ ਯਹਾਂ/  ਮੁੱਖ ਸੰਪਾਦਕ)  ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਤੁਰਾ ਨਿਵਾਸੀ ਬਰਿੰਦਰ ਕੁਮਾਰ ਅਤੇ ਉਸ ਦੀ ਘਰਵਾਲੀ ਦੀਪਕ ਬਾਲਾ ਨੂੰ ਹੋਰ ਪ੍ਰਾਈਵੇਟ ਮੁਲਜ਼ਮਾਂ ਨਾਲ ਮਿਲੀਭੁਗਤ ਕਰਨ ਲਈ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਕਰੂਰਾ ਵਿੱਚ ਰਾਜ ਸਰਕਾਰ ਨੂੰ ਪ੍ਰਚੱਲਿਤ ਕੁਲੈਕਟਰ ਦਰਾਂ ਤੋਂ ਬਹੁਤ ਜ਼ਿਆਦਾ ਕੀਮਤ ‘ਤੇ ਜ਼ਮੀਨ ਵੇਚ ਕੇ ਰਾਜ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਿੱਚ ਸਾਜਿਸ਼ ਰਚੀ ਸੀ।

ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਹੀ ਕੇਸ ਨੰਬਰ 69 ਮਿਤੀ 28-06-2022 ਨੂੰ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 7-ਏ, 8, 13 ਦੇ ਤਹਿਤ ਪੁਲਿਸ ਥਾਣਾ ਨੂਰਪੁਰਬੇਦੀ ਵਿਖੇ ਕਈ ਪ੍ਰਾਈਵੇਟ ਵਿਅਕਤੀਆਂ ਅਤੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਦਰਜ ਕੀਤਾ ਹੋਇਆ ਹੈ ਜਿਸਦੀ ਬਿਊਰੋ ਦੁਆਰਾ ਜਾਂਚ ਕੀਤੀ ਜਾ ਰਹੀ ਸੀ।

ਹੋਰ ਵੇਰਵੇ ਦਿੰਦੇ ਹੋਏ, ਉਨਾਂ ਕਿਹਾ ਕਿ ਜਾਂਚ ਅਧੀਨ ਲਗਭਗ 54 ਏਕੜ ਜ਼ਮੀਨ ਸ਼੍ਰੀ ਆਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਪਿੰਡ ਕਰੂਰਾ ਵਿਖੇ ਪਹਾੜੀਆਂ, ਡਰੇਨ, ਖਾਈ, ਟਿੱਬੇ ਆਦਿ ਕਿਸਮ ਦੀ ਹੈ ਜੋ ਕਿ ਪਿੰਡ ਕਰੁਰਾ ਵਾਸੀਆਂ ਦੇ ਨਾਮ ‘ਤੇ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਜੰਗਲਾਤ ਨਿਗਮ, ਐਸਏਐਸ ਨਗਰ ਨੇ ਰੁੱਖ ਲਾਉਣ ਲਈ ਇਹ ਜ਼ਮੀਨ ਖਰੀਦਣ ਦਾ ਪ੍ਰਸਤਾਵ ਦਿੱਤਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਦੋ ਨਿੱਜੀ ਵਿਅਕਤੀਆਂ ਦਲਜੀਤ ਸਿੰਘ ਭਿੰਦਰ ਅਤੇ ਅਮਰਿੰਦਰ ਸਿੰਘ ਭਿੰਦਰ, ਦੋਵੇਂ ਭਰਾ, ਨੇ ਰਾਜ ਦੇ ਮਾਲ ਕਰਮਚਾਰੀਆਂ ਨਾਲ ਮਿਲੀਭੁਗਤ ਕੀਤੀ ਸੀ ਅਤੇ ਪਿੰਡ ਦੀ ਜ਼ਮੀਨ ਉਕਤ ਜੰਗਲਾਤ ਨਿਗਮ ਨੂੰ ਅਸਲ ਕੀਮਤ ਤੋਂ ਬਹੁਤ ਜ਼ਿਆਦਾ ਕੀਮਤ ਉਪਰ ਵੇਚ ਦਿੱਤੀ ਸੀ। ਇਸ ਤਰ੍ਹਾਂ ਉਕਤ ਭਿੰਡਰ ਭਰਾਵਾਂ ਨੇ ਕਰੀਬ 5,35,00,000 ਕਰੋੜ ਰੁਪਏ ਇਕੱਠੇ ਕੀਤੇ ਸੀ।

ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਪਰੋਕਤ ਭਿੰਡਰ ਭਰਾਵਾਂ ਨੇ ਪਿੰਡ ਤੁਰਾ, ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਬਰਿੰਦਰ ਕੁਮਾਰ ਦੇ ਖਾਤੇ ਵਿੱਚ 2,00,000 ਰੁਪਏ ਅਤੇ ਉਸਦੀ ਪਤਨੀ ਦੀਪਕ ਬਾਲਾ ਦੇ ਖਾਤੇ ਵਿੱਚ 1,95,00,000 ਰੁਪਏ ਟ੍ਰਾਂਸਫਰ ਕੀਤੇ ਸੀ। ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
————–

LEAVE A REPLY

Please enter your comment!
Please enter your name here