*ਜਸ਼ਨਪ੍ਰੀਤ 27 ਵਰ੍ਹੇ ਬ੍ਰੇਨ ਦੀ ਖਤਰਨਾਕ ਬਿਮਾਰੀ ਨਾਲ ਜੰਗ ਲੜਦਾ ਰਿਹਾ, ਬੇਸ਼ੱਕ ਜੰਗ ਹਾਰਿਆ,ਪਰ ਹੌਂਸਲਾ ਨਹੀਂ..*

0
276

ਮਾਨਸਾ,  01 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਜਸ਼ਨਪ੍ਰੀਤ 27 ਵਰ੍ਹੇ ਬ੍ਰੇਨ ਦੀ ਖਤਰਨਾਕ ਬਿਮਾਰੀ ਨਾਲ ਜੰਗ ਲੜਦਾ ਰਿਹਾ, ਬੇਸ਼ੱਕ ਜੰਗ ਹਾਰਿਆ,ਪਰ ਹੌਂਸਲਾ ਨਹੀਂ,27 ਵਰ੍ਹੇ ਹਸਪਤਾਲਾਂ ਨੇ ਉਸ ਦਾ ਖਹਿੜਾ ਨਾ ਛੱਡਿਆ,ਉਸ ਨੇ ਬੀ.ਟੈੱਕ ਕਰਨ ਦੇ ਸੁਪਨੇ ਦਾ।  ਜਸ਼ਨਪ੍ਰੀਤ 27 ਵਰ੍ਹਿਆਂ ਦੀ ਛੋਟੀ ਉਮਰੇ ਬੇਸ਼ੱਕ ਮਾਪਿਆਂ ਨੂੰ ਨਾ ਸਹਿਣ ਵਾਲਾ ਦੁਖਦਾਈ ਵਿਛੋੜਾ ਦੇ ਗਿਆ, ਪਰ ਉਸ ਦੇ ਹੋਂਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਖਤਰਨਾਕ ਬਿਮਾਰੀ ਦੇ ਨਾਲ ਨਾਲ ਆਪਣੀ ਜ਼ਿੰਦਗੀ ਜਿਊਣ ਦੇ ਸੁਪਨੇ ਵੀ ਪਾਲਦਾ ਰਿਹਾ,ਉਸ ਨੇ ਆਪਣੇ ਸੁਨਹਿਰੀ ਭਵਿੱਖ ਲਈ ਬੀ.ਟੈੱਕ ਇਲੈਕਟਰੀਕਲ ਇੰਜੀਨੀਅਰਿੰਗ ਵੀ ਕੀਤੀ, ਆਪਣੇ ਸ਼ੌਂਕ ਦੀ ਪੂਰਤੀ ਲਈ ਮਿਊਜ਼ਿਕ ਦੀ ਡਿਗਰੀ ਵੀ ਹਾਸਲ ਕੀਤੀ। ਜਸ਼ਨਪ੍ਰੀਤ ਦੇ ਨਾਲ ਉਸ ਦੇ ਮਾਪਿਆਂ ਦੀ ਹਿੰਮਤ ਨੂੰ ਵੀ ਸਲਾਮ ਹੈ,ਜੋ ਆਪਣੇ ਪੁੱਤ ਦੀ ਖਤਰਨਾਕ ਬਿਮਾਰੀ ਲਈ ਪੈਸਾ ਵੀ ਵਹਾਉਂਦੇ ਰਹੇ ਤੇ ਉਸ ਦੇ ਸੁਪਨਿਆਂ ਦੀ ਪੂਰਤੀ ਲਈ ਪੜ੍ਹਾਈ ਵੀ ਕਰਵਾਉਂਦੇ ਰਹੇ। 27 ਵਰ੍ਹੇ ਕੋਈ ਥੋੜਾ ਸਮਾਂ ਨਹੀਂ ਹੁੰਦਾ,ਚਾਰ ਦਿਨ ਕੋਈ ਬਿਮਾਰ ਪੈ ਜਾਵੇ, ਬੰਦਾ ਅੱਕ ਥੱਕ ਜਾਂਦਾ,ਪਰ ਧੰਨ ਜਸ਼ਨਪ੍ਰੀਤ, ਧੰਨ ਮਾਪੇ ਕਿ ਉਹ ਇਨਾਂ ਸਮੇਂ ਬਿਮਾਰੀ ਨਾਲ ਜੰਗ ਵੀ ਲੜਦੇ ਰਹੇ, ਵਿਭਾਗੀ,ਸਮਾਜਿਕ ਜ਼ਿੰਮੇਵਾਰੀਆਂ ਵੀ ਬਰਾਬਰ ਨਿਭਾਉਂਦੇ ਰਹੇ। ਬੇਸ਼ੱਕ ਜਸ਼ਨਪ੍ਰੀਤ ਅਤੇ ਉਸਦੇ ਮਾਪੇ ਇਹ ਜੰਗ ਹਾਰ ਗਏ,ਪਰ ਉਹ ਅਨੇਕਾਂ ਵਿਦਿਆਰਥੀਆਂ,ਮਾਪਿਆਂ ਲਈ ਇਕ ਪ੍ਰੇਰਨਾ ਵੀ ਦੇ ਗਿਆ ਕਿ ਬੇਸ਼ੱਕ ਇਨਸਾਨ ‘ਤੇ ਕਿੰਨੀਆਂ ਬਿਮਾਰੀਆਂ, ਮੁਸੀਬਤਾਂ ਆ ਜਾਣ,ਪਰ ਮਨੁੱਖ ਨੂੰ ਜਿਊਣ ਦੀ ਆਸ ਨਹੀਂ ਛੱਡਣੀ ਚਾਹੀਦੀ।

ਬੇਸ਼ੱਕ ਇਹ ਵਿਛੋੜਾ ਬੇਹੱਦ ਦਰਦਨਾਕ ਹੈ,ਪਰ ਬੱਚੇ ਦਾ ਹੌਂਸਲਾ ਦੇਖੋ ਉਸ ਨੇ ਪਹਿਲੀ ਜਮਾਤ ਤੋਂ ਲੈ ਕੇ ਬੀ.ਟੈੱੱਕ ਇਲੈਕਟਰੀਕਲ ਇੰਜੀਨੀਅਰਿੰਗ ਵਰਗੀ ਔਖੀ ਪੜ੍ਹਾਈ ਦੇ ਬਾਵਜੂਦ ਉਸਨੇ ਕਦੇ ਬਰੇਕ ਨਹੀਂ ਲਈ। ਬੇਸ਼ੱਕ ਰੱਬ ਨੇ ਉਸ ਦੀ ਖੂਬਸੂਰਤ ਜ਼ਿੰਦਗੀ ‘ਤੇ ਬਰੇਕ ਲਾ ਦਿੱਤੀ।

                  ਜਸ਼ਨਪ੍ਰੀਤ ਬੀ.ਟੈੱਕ ਇਲੈਕਟਰੀਕਲ ਇੰਜੀਨੀਅਰਿੰਗ ਕਰਕੇ ਹੁਣ ਟੈਸਟਾਂ ਦੀ ਤਿਆਰੀ ਕਰ ਰਿਹਾ ਸੀ। ਬਿਮਾਰੀ ਦੇ ਨਾਲ ਉਸ ਨੇ ਆਪਣੀ ਪੜ੍ਹਾਈ ਵਿੱਚ ਕਦੇ ਬਰੇਕ ਨਹੀਂ ਪੈਣ ਦਿੱਤੀ। ਉਸ ਨੇ ਬਾਰਵੀਂ ਤੱਕ ਦੀ ਪੜ੍ਹਾਈ ਵਿੱਦਿਆ ਭਾਰਤੀ ਸਕੂਲ ਮਾਨਸਾ ਤੋਂ ਕੀਤੀ,ਉਸ ਤੋਂ ਬਾਅਦ ਉਸ ਨੇ ਡਿਪਲੋਮਾ ਇਨ ਇਲੈਕਟਰੀਕਲ ਇੰਜੀਨੀਅਰਿੰਗ ਨਿਊ ਪੰਜਾਬ ਇੰਜੀਨੀਅਰਿੰਗ ਕਾਲਜ ਤਲਵੰਡੀ ਸਾਬੋ ਤੋਂ ਕੀਤਾ। ਬੀ.ਟੈੱਕ. ਇਲੈਕਟਰੀਕਲ ਇੰਜੀਨੀਅਰਿੰਗ ਕੇ.ਸੀ.ਟੀ.ਕਾਲਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕੀਤੀ। ਉਸ ਨੂੰ ਮਿਊਜ਼ਿਕ ਦਾ ਵੀ ਸ਼ੌਕ ਸੀ,ਜਿਸ ਕਰਕੇ ਉਸ ਨੇ ਮਿਊਜ਼ਿਕ ਦੀ ਵੀ  ਗਰੇਜੂਏਸ਼ਨ ਕੀਤੀ।

 ਜਸ਼ਨਪ੍ਰੀਤ ਸਿੰਘ ਦਾ ਪਿਤਾ ਪ੍ਰਿਤਪਾਲ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਸੀਨੀਅਰ ਲੇਖਾ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ,ਉਹ ਜਿਥੇ ਆਪਣੇ ਵਿਭਾਗ ਦੀਆਂ ਜਥੇਬੰਦੀਆਂ ਚ ਕਰਮਚਾਰੀਆਂ ਦੇ ਹੱਕਾਂ ਲਈ ਮੋਹਰੀ ਰਹਿੰਦਾ ਹੈ, ਉਥੇ ਉਹ ਮਾਨਸਾ ਸ਼ਹਿਰ ਦੀਆਂ ਵਾਇਸ ਆਫ਼ ਮਾਨਸਾ, ਸਭਿਆਚਾਰ ਚੇਤਨਾ ਮੰਚ ਮਾਨਸਾ ਵਰਗੀਆਂ ਵੱਡੀਆਂ ਸਮਾਜ ਸੇਵੀ, ਸਭਿਆਚਾਰ ਸੰਸਥਾਵਾਂ ਚ ਵੀ ਸਰਗਰਮੀ ਨਾਲ ਮੋਹਰੀ ਰੋਲ ਅਦਾ ਕਰ ਰਿਹਾ ਹੈ। ਬੇਸ਼ੱਕ 27 ਸਾਲ ਉਸ ਨੂੰ ਪੁੱਤ ਦੀ ਬਿਮਾਰੀ ਨੇ ਘੇਰੀ ਰੱਖਿਆ,ਉਸ ਨੇ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਅਤੇ ਹੋਰ ਮਹਿੰਗੇ ਹਸਪਤਾਲ ਗਾਹ ਛੱਡੇ, ਬੇਸ਼ੱਕ ਉਹ ਆਪਣੇ ਪੁੱਤ ਨੂੰ ਬਚਾਅ ਨਾ ਸਕਿਆ,ਪਰ ਇਹ ਪ੍ਰਿਤਪਾਲ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਦਾ ਵੱਡਾ ਹੌਂਸਲਾ, ਹਿੰਮਤ ਹੈ ਕਿ ਉਹ ਇਸ ਮਾਹੌਲ  ਦੇ ਬਾਵਜੂਦ ਆਪਣੇ ਪੁੱਤ ਨੂੰ 27 ਵਰ੍ਹਿਆਂ ਦੀ ਜ਼ਿੰਦਗੀ ਦਿੱਤੀ,ਨਾਲ ਉਨ੍ਹਾਂ ਨੇ ਵਿਭਾਗੀ, ਸਮਾਜਿਕ ਜ਼ਿੰਮੇਵਾਰੀਆਂ ਨੂੰ ਬਰਾਬਰ ਨਿਭਾਇਆ।

ਪ੍ਰਿਤਪਾਲ ਨੇ ਆਪਣੇ ਜੀਵਨ ਕਾਲ ਦੌਰਾਨ ਅਨੇਕਾਂ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਆਪਣੀ ਮਿਹਨਤ ਮਸ਼ੱਕਤ ਨਾਲ ਵਿਭਾਗ ਚ ਵੱਡੇ ਅਹੁਦੇ ‘ਤੇ ਪਹੁੰਚਦਿਆਂ ਚੰਗਾ ਮੁਕਾਮ ਹਾਸਲ ਕੀਤਾ,ਸਮਾਜ ਭਲਾਈ ਸਮਾਜਿਕ ਸੰਗਠਨਾਂ ਵਿਚ ਵੀ ਚੰਗਾ ਰੁਤਬਾ ਹਾਸਲ ਕੀਤਾ,ਪਰ ਜਦੋਂ ਹੁਣ ਚੰਗੇ ਦਿਨ ਪਰਤੇ ਸਨ, ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਦੇ ਦੌਰ ਨੂੰ ਸ਼ੁਰੂ ਕਰਨਾ ਸੀ, ਤਾਂ ਇਹ ਭਾਣਾ ਵਾਪਰ ਗਿਆ। ਭਲਕੇ 2 ਅਗਸਤ ਨੂੰ ਸ਼ਾਂਤੀ ਭਵਨ ਮਾਨਸਾ ਵਿਖੇ ਦੁਪਹਿਰ ਵੇਲੇ ਉਨ੍ਹਾਂ ਨਮਿੱਤ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here