
ਚੰਡੀਗੜ੍ਹ, 7 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਤੀਜੀ ਸੰਭਾਵਤ ਕੋਵਿਡ -19 ਲਹਿਰ ਅਤੇ ਪੰਜਾਬ ਵਿਚ ਆਕਸੀਜਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਮਾਰਕੀਟ ਤੋਂ 3000 ਆਕਸੀਜਨ ਕੰਸਨਟਰੇਟਰਜ਼ (ਓਸੀ) ਦੀ ਖਰੀਦ ਕੀਤੀ ਹੈ। ਇਹ ਆਕਸੀਜਨ ਕੰਸਨਟਰੇਟਰਜ਼ ਇੱਕ ਮੋਹਰੀ ਕੰਪਨੀ ਤੋਂ ਖਰੀਦੇ ਗਏ ਹਨ ਅਤੇ 10 ਲੀਟਰ ਪ੍ਰਤੀ ਮਿੰਟ (ਐਲਪੀਐਮ) ਦੀ ਸਮਰਥਾ ਨਾਲ ਕੰਮ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ 500 ਆਕਸੀਜਨ ਕੰਸਨਟਰੇਟਰਜ਼ ਦੀ ਪਹਿਲੀ ਖੇਪ ਸੂਬੇ ਵਿੱਚ ਪਹੁੰਚ ਚੁੱਕੀ ਹੈ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਸੌਂਪ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 1000 ਓ.ਸੀਜ਼. ਦੀ ਅਗਲੀ ਖੇਪ 15 ਜੂਨ ਤੱਕ ਆ ਜਾਵੇਗੀ ਅਤੇ 1500 ਓ.ਸੀਜ਼. ਦੀ ਇਕ ਹੋਰ ਖੇਪ 30 ਜੂਨ ਤੱਕ ਆਉਣ ਦੀ ਸੰਭਾਵਨਾ ਹੈ।

ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ 3000 ਓ.ਸੀਜ਼. ਦੀ ਅਲਾਟਮੈਂਟ ਸਰਕਾਰੀ ਹਸਪਤਾਲਾਂ ਨੂੰ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਕੋਵਿਡ ਮਹਾਂਮਾਰੀ ਕਾਰਨ ਸੂਬੇ ਵਿੱਚ ਆਕਸੀਜਨ ਸੰਕਟ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਇਹ ਨਿਮਾਣਾ ਜਿਹਾ ਯੋਗਦਾਨ ਪਾਇਆ ਹੈ।——————
