(ਸਾਰਾ ਯਹਾਂ/ਬਿਊਰੋ ਨਿਊਜ਼ ): ਜਲੰਧਰ ਵਿਖੇ ਆਉਂਦੇ ਦਿਨਾਂ ਵਿੱਚ ਹੋਣ ਜਾ ਰਹੀ ਲੋਕ-ਸਭਾ ਜ਼ਿਮਨੀ ਚੋਣ ਕਾਂਗਰਸ ਲਈ ਗਲ਼ੇ ਦੀ ਹੱਡੀ ਬਣਦੀ ਜਾ ਰਹੀ ਹੈ। ਅੱਜ ਫ਼ਿਰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਉਨ੍ਹਾਂ ਦੇ ਕਈ ਅਹੁਦੇਦਾਰਾਂ, ਕੌਂਸਲਰਾਂ ਦੇ ਨਾਲ-ਨਾਲ ਕਾਂਗਰਸ ਦੇ ਕੱਦਾਵਰ ਆਗੂ ਰਾਣਾ ਗੁਰਜੀਤ ਦੇ ਭਤੀਜੇ ਹਰਦੀਪ ਸਿੰਘ ਰਾਣਾ ਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਮੁੱਖ-ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ ਪਰਿਵਾਰ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸ.ਮਾਨ ਤੋਂ ਇਲਾਵਾ ‘ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ, ਜਲੰਧਰ ਤੋਂ ਪਾਰਟੀ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਵੀ ਸਵਾਗਤ ਲਈ ਮੌਜੂਦ ਸਨ।
ਇਸ ਮੌਕੇ ਸ਼ਾਮਿਲ ਹੋਏ ਸਮੂਹ ਆਗੂਆਂ ਦਾ ‘ਆਪ ਪਰਿਵਾਰ ਵਿੱਚ ਸਵਾਗਤ ਕਰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਕਾਂਗਰਸ ਦਾ ਬਚਿਆ-ਖੁਚਿਆ ਆਧਾਰ ਵੀ ਹਰਦੀਪ ਸਿੰਘ ਰਾਣਾ ਅਤੇ ਬਾਕੀਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ‘ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਖੁਸ਼ ਹੈ ਅਤੇ ਜਲਦ ਹੀ ਜਲੰਧਰ ਵਾਸੀ ਲੋਕ-ਸਭਾ ਵਿੱਚ ਸ਼ੁਸ਼ੀਲ ਕੁਮਾਰ ਰਿੰਕੂ ਦੇ ਰੂਪ ਵਿੱਚ ਆਪਣੀ ਆਵਾਜ਼ ਸੁਣਨਗੇ।
ਜ਼ਿਕਰਯੋਗ ਹੈ ਕਿ ਹਰਦੀਪ ਰਾਣਾ ਇਲਾਕੇ ਦੇ ਅਗਾਂਹਵਧੂ ਕਿਸਾਨ ਹਨ। ਇਨ੍ਹਾਂ ਦੇ ਪਿਤਾ ਰਾਣਾ ਮਹਿੰਦਰਜੀਤ ਵੀ ਇੱਕ ਸਫ਼ਲ ਸਿਆਸਤਦਾਨ ਸਨ। ਹਰਦੀਪ ਰਾਣਾ ਨੇ ਵੀ ਆਗੂ ਦੇ ਤੌਰ ਤੇ ਉਨ੍ਹਾਂ ਆਪਣੇ ਚਾਚਾ ਰਾਣਾ ਗੁਰਜੀਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚਾੜ੍ਹਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਐਨਾ ਹੀ ਨਹੀਂ ਸ਼ਾਹਕੋਟ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਰਹੇ ਹਰਦੀਪ ਰਾਣਾ ਨੇ ਪਿਛਲੀਆਂ ਚਾਰ ਲੋਕ ਸਭਾ ਚੋਣਾਂ ਦੌਰਾਨ ਵੀ ਅਣਥੱਕ ਮਿਹਨਤ ਕੀਤੀ। ਇਲਾਕੇ ਦੇ ਲੋਕਾਂ ਵਿੱਚ ਸਤਿਕਾਰ ਅਤੇ ਇਮਾਨਦਾਰੀ ਹੀ ਇਨ੍ਹਾਂ ਦੀ ਪਛਾਣ ਹੈ।