ਨਵੀਂ ਦਿੱਲੀ, 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) : ਦੇਸ਼ ‘ਚ ਚੱਲ ਲੌਕਡਾਊਨ ਕਾਰਨ ਉਦਯੋਗਿਕ ਗਤੀਵਿਧੀਆਂ, ਟ੍ਰੈਫਿਕ ਆਦਿ ਵਿੱਚ ਕਮੀ ਆਉਣ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਘਟ ਰਿਹਾ ਹੈ। ਨਤੀਜੇ ਵਜੋਂ ਹਵਾ ਦੀ ਗੁਣਵੱਤਾ ‘ਚ ਸੁਧਾਰ ਹੋ ਰਿਹਾ ਹੈ ਅਤੇ ਇਸ ਦੌਰਾਨ ਹੁਣ ਬਰਫ ਨਾਲ ਢੱਕੇ ਪਹਾੜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਵੀ ਦਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਇਹ ਕੋਈ ਸਧਾਰਣ ਚੀਜ਼ ਨਹੀਂ ਹੈ, ਜਦੋਂ ਕੋਈ ਵਿਅਕਤੀ ਸਵੇਰੇ ਉੱਠਦਾ ਹੈ ਅਤੇ ਆਪਣੇ ਘਰ ਤੋਂ ਹਿਮਾਲਿਆ ਰੇਂਜ ਦਿਖਾਈ ਦੇਣੀ ਸ਼ੁਰੂ ਹੋ ਜਾਵੇ। ਦਰਅਸਲ, ਆਈਐਫਐਸ ਰਮੇਸ਼ ਪਾਂਡੇ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸਹਾਰਨਪੁਰ ਤੋਂ ਦਿਖਾਈ ਦੇਣ ਵਾਲੀ ਹਿਮਾਲਿਆ ਦੀ ਗੰਗੋਤਰੀ ਰੇਂਜ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਬਰਫ ਨਾਲ ਢੱਕੇ ਪਹਾੜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸ਼ਹਿਰ ਤੋਂ ਦਿਖਾਈ ਦਿੰਦੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਮੇਸ਼ ਪਾਂਡੇ ਨੇ ਲਿਖਿਆ, “ਹਿਮਾਲੀਅਨ ਰੇਂਜ ਹੁਣ ਸਹਾਰਨਪੁਰ ਤੋਂ ਦਿਖਾਈ ਦੇ ਰਹੀ ਹੈ। ਲੌਕਡਾਊਨ ਅਤੇ ਮੀਂਹ ਕਾਰਨ ਏਕਿਯੂਆਈ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਇਨਕਮ ਟੈਕਸ ਅਧਿਕਾਰੀ ਦੁਸ਼ਯੰਤ ਨੇ ਵਸੰਤ ਵਿਹਾਰ ਸਥਿਤ ਉਸ ਦੇ ਘਰ ਤੋਂ ਕਲਿਕ ਕੀਤਾ ਸੀ।“
ਸਿਰਫ ਰਮੇਸ਼ ਪਾਂਡੇ ਹੀ ਨਹੀਂ, ਕਈ ਹੋਰ ਲੋਕਾਂ ਨੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸਹਾਰਨਪੁਰ ਤੋਂ ਹਿਮਾਲਿਆ ਦੀ ਰੇਂਜ ਦਿਖਾਈ ਗਈ ਹੈ।