
ਚੰਡੀਗੜ੍ਹ 28ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਸਾਬਕਾ ਆਰਮੀ ਚੀਫ ਜਨਰਲ ਜੇਜੇ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ੍ਹ ਦੀ ਆਪਣੀ ਟਿੱਪਣੀ ਦਾ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਤੋਂ ਤਿੰਨ ਟਵਿੱਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਤੁਸੀਂ ਬਾਦਲਾਂ ਨਾਲ ਘਿਉ-ਖਿਚੜੀ ਹੋ। 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜਿਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜਾ ਤੁਸੀਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਕਾਰਵਾਈ ਨਾ ਕਰਕੇ ਅਦਾ ਕਰ ਰਹੋ ਹੋ।
ਕਾਬਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟੀਵੀ ਇੰਟਰਵਿਊ ਵਿੱਚ ਆਪਣੀ ਹੀ ਪਾਰਟੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਸਾਹਮਣੇ ਪਟਿਆਲੇ ਵਿੱਚ ਚੋਣ ਲੜੇ। ਇਸ ਤੋਂ ਪਹਿਲਾਂ ਜਨਰਲ ਜੇ ਜੇ ਸਿੰਘ ਵੀ ਲੜੇ ਸਨ ਤੇ ਉਨ੍ਹਾਂ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਸੀ। ਤੁਹਾਡੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।

ਕੈਪਟਨ ਦੇ ਇਸ ਬਿਆਨ ਉਤੇ ਦੇਸ਼ ਦੇ ਪਹਿਲੇ ਸਿੱਖ ਆਰਮੀ ਚੀਫ ਰਹੇ ਜਨਰਲ ਜੇ ਜੇ ਸਿੰਘ ਕਿਹਾ “2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਤੇ ਲੰਬੀ ਵਿਚਾਲੇ ਇਕ ਫਿਕਸ ਮੈਚ ਹੋਇਆ ਸੀ, ਇਹ ਗੱਲ ਕਿਸੇ ਤੋਂ ਲੁੱਕੀ ਨਹੀਂ। ਸਮਾਂ ਬਦਲਦਾ ਹੈ, ਇਹ ਨਾ ਭੁੱਲੋ ਕਿ ਤੁਸੀਂ ਵੀ ਪਟਿਆਲਾ ਤੋਂ ਆਪਣੀ ਜ਼ਮਾਨਤ ਵੀ ਜ਼ਬਤ ਕਰਵਾਈ ਹੈ। ਦੱਸਣਯੋਗ ਹੈ ਕਿ ਪਟਿਆਲਾ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜੀ ਸੀ ਜਿੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜਨਰਲ ਜੇ ਜੇ ਸਿੰਘ ਨੇ ਅੱਜ ਪਹਿਲੀ ਵਾਰ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਉਤੇ ਆਪਣਾ ਗੁਬਾਰ ਕੱਢਿਆ ਹੈ। ਇਕ ਹੋਰ ਟਵੀਟ ਵਿਚ ਜੇ ਜੇ ਸਿੰਘ ਨੇ ਕੈਪਟਨ ਨੂੰ ਕਿਹਾ, “ਮੈਂ ਮਾਮੂਲੀ ਚੋਣ ਹਾਰਿਆ ਹਾਂ, ਪਰ ਤੁਸੀਂ ਤਾਂ ਜਮੀਰ ਨੂੰ ਹਾਰ ਗਏ।” ਲਗਾਤਾਰ ਤਿੰਨ ਟਵੀਟ ਕਰਕੇ ਜਨਰਲ ਜੇ ਜੇ ਸਿੰਘ ਨੇ ਅਕਾਲੀ ਦਲ ਨੂੰ ਸੱਟ ਮਾਰੀ, ਜਿਸ ਵਿਚ ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਕੈਪਟਨ ਅਤੇ ਬਾਦਲ ਦੀ ਮਿਲੇ ਹੋਏ ਹਨ।
