ਮਾਨਸਾ, 05 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਿਧਾਨ ਸਭਾ ਚੋਣਾਂ-2022 ਲਈ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਜ਼ਿਲੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ ਅਤੇ 98-ਬੁਢਲਾਡਾ ਲਈ ਨਿਯੁਕਤ ਜਨਰਲ ਅਬਜਰਵਰ ਸ਼੍ਰੀ ਚੰਦਰੇਸ਼ ਕੁਮਾਰ (ਆਈ.ਏ.ਐਸ.), ਖਰਚਾ ਆਬਜ਼ਰਵਰ ਮੁਹੰਮਦ ਸਾਲੀਕ ਪਰਵੇਜ਼ (ਆਈ.ਆਰ.ਐਸ.) ਅਤੇ ਪੁਲਿਸ ਆਬਜਰਵਰ ਸ਼੍ਰੀ ਅਮਿਤ ਚੰਦਰਾ (ਆਈ.ਪੀ.ਐਸ.) ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਨਰਲ ਆਬਜ਼ਰਵਰ ਸ਼੍ਰੀ ਚੰਦਰੇਸ਼ ਕੁਮਾਰ ਨੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਸ਼ਰਾਬ, ਨਸ਼ੇ, ਨਗਦੀ, ਤੋਹਫੇ ਆਦਿ ਦੀ ਵੰਡ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਚੋਣ ਖਰਚਿਆਂ ਉੱਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਆਪਣੀ ਚੋਣ ਮੁਹਿੰਮ ਉੱਤੇ 40 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ। ਇਸ ਮੌਕੇ ਖਰਚਾ ਆਬਜ਼ਰਵਰ ਮੁਹੰਮਦ ਸਾਲੀਕ ਪਰਵੇਜ਼ ਨੇ ਕਿਹਾ ਕਿ ਸਾਰਾ ਖਰਚਾ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇ। ਉਨਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਜੋ ਵੀ ਖਰਚਾ ਕੀਤਾ ਜਾ ਰਿਹਾ ਹੈ ਉਸਦਾ ਵੇਰਵਾ ਰੋਜ਼ਾਨਾ ਖਰਚਾ ਰਜਿਸਟਰ ਵਿੱਚ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਵਿੱਚ ਵੀ ਇਹ ਖਰਚਾ ਦਰਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੋਵੇਂ ਰਜਿਸਟਰਾਂ ਦਾ ਖਰਚਾ ਆਪਸ ਵਿੱਚ ਮੇਲ ਖਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਚੋਣਾਂ ਦੇ ਨਤੀਜੇ ਆਉਣ ਤੱਕ ਦੇ ਸਾਰੇ ਖਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖੇ ਜਾਣ। ਇਸ ਮੌਕੇ ਪੁਲੀਸ ਚੋਣ ਨਿਗਰਾਨ ਸ਼੍ਰੀ ਅਮਿਤ ਚੰਦਰਾ ਨੇ ਕਿਹਾ ਕਿ ਚੋਣ ਅਮਲ ਦੌਰਾਨ ਕੋਈ ਵੀ ਨਸ਼ੇ ਆਦਿ ਵੰਡਦਾ, ਵੋਟਰਾਂ ਨੂੰ ਪੈਸੇ ਦਿੰਦਾ ਪਾਇਆ ਜਾਂਦਾ ਹੈ, ਤਾਂ ਉਨਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਨਾਲ ਹੀ ਕਿਹਾ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਲਾ ਚੋਣ ਅਫਸਰ ਸ਼੍ਰੀ ਮਹਿੰਦਰ ਪਾਲ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵਿਸਥਾਰ ਨਾਲ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ। ਉਨਾਂ ਕਿਹਾ ਕਿ ਹਰੇਕ ਰਾਜਸੀ ਸਰਗਰਮੀ ਲਈ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਉਨਾਂ ਨਾਲ ਹੀ ਚੋਣ ਮੁਹਿੰਮ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਐਸ.ਐਸ.ਪੀ. ਸ਼੍ਰੀ ਦੀਪਕ ਪਾਰਿਕ ਨੇ ਕਿਹਾ ਕਿ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸਮਾਜਿਕ ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਖਰਾਬ ਹੋਵੇ। ਉਨਾਂ ਕਿਹਾ ਕਿ ਚੋਣ ਜਾਬਤਾ ਖਤਮ ਹੋਣ ਤੱਕ ਆਪਣਾ ਹਰ ਤਰਾਂ ਦਾ ਅਸਲਾ ਨੇੜਲੇ ਪੁਲਿਸ ਸਟੇਸਨ ਉੱਤੇ ਜਮਾਂ ਕਰਵਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਐਮ.ਸੀ.ਐਮ.ਸੀ. ਸ਼੍ਰੀ ਅਜੈ ਅਰੋੜਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਐਸ.ਪੀ. ਸ਼੍ਰੀ ਰਾਕੇਸ਼ ਕੁਮਾਰ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।