
ਮਾਨਸਾ, 08 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਜਨਰਲ ਆਬਜ਼ਰਵਰ ਸ਼੍ਰੀ ਚੰਦਰੇਸ਼ ਕੁਮਾਰ ਵੱਲੋਂ ਜ਼ਿਲੇ ਅੰਦਰ ਚੋਣਾਂ ਦੀ ਪ੍ਰਕਿਰਿਆਂ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੇ ਮੰਤਵ ਨਾਲ ਸਮੁੱਚੀ ਚੋਣ ਪ੍ਰਿਆ ਦਾ ਜ਼ਿਲੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ। ਜਨਰਲ ਆਬਜ਼ਰਵਰ ਵੱਲੋਂ ਬੀਤੀ ਸ਼ਾਮ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਦੇ ਪਿੰਡ ਠੂਠਿਆਂਵਾਲੀ ਅਤੇ ਭੈਣੀ ਬਾਘਾ ਦੇ ਪੋਲਿੰਗ ਬੂਥਾਂ 90, 91 ਅਤੇ 92 ਦਾ ਜਾਇਜ਼ਾ ਲਿਆ। ਉਨਾਂ ਸਬੰਧਤ ਸਟਾਫ਼ ਤੋਂ ਅੰਗਹੀਣਾਂ ਅਤੇ ਬਜ਼ੁਰਗਾਂ ਲਈ ਪੋਲਿੰਗ ਬੂਥਾਂ ’ਤੇ ਕੀਤਾ ਜਾਣ ਵਾਲੇ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ

ਹਾਸਿਲ ਕੀਤੀ। ਉਨਾਂ ਕਿਹਾ ਕਿ ਪੋਲਿੰਗ ਦੌਰਾਨ ਵੋਟਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ, ਇਸ ਲਈ ਅਗੇਤੇ ਪ੍ਰਬੰਧ ਸਮਾਂ ਰਹਿੰਦੀਆਂ ਹੀ ਕਰਨੇ ਯਕੀਨੀ ਬਣਾਏ ਜਾਣ। ਸ਼੍ਰੀ ਚੰਦਰੇਸ਼ ਕੁਮਾਰ, ਆਈ.ਏ.ਐਸ. ਵੱਲੋਂ ਅੱਜ ਵਿਧਾਨ ਸਭਾ ਚੋਣ ਹਲਕਾ 97-ਸਰਦੂਲਗੜ ਦੇ ਪਿੰਡਾਂ ਸੰਘਾ, ਝੰਡਾ ਖੁਰਦ, ਝੰਡਾ ਕਲਾਂ ਵਿਖੇ ਪੋਲਿੰਗ ਬੂਥਾਂ ਅਤੇ ਨਾਕਿਆਂ ਦੀ ਚੈਕਿੰਗ ਕੀਤੀ ਗਈ। ਉਨਾਂ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਨੇਪਰੇ ਚੜਾਉਣ ਲਈ ਪੂਰੀ ਤਨਦੇਹੀ ਨਾਲ ਚੋਣ ਕਮਿਸ਼ਨ ਵੱਲੋਂ ਸੌਂਪੀ ਗਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਜਾਵੇ। ਜਨਰਲ ਆਬਜ਼ਰਵਰ ਨੇ ਹਦਾਇਤ ਕੀਤੀ ਦਿਵਯਾਂਗ (ਸਰੀਰਕ ਤੌਰ ’ਤੇ ਅਸਮਰੱਥ) ਅਤੇ ਬਜ਼ੁਰਗ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਲਈ ਉਚੇਚੇ ਪ੍ਰਬੰਧ ਯਕੀਨੀ ਬਣਾਏ ਜਾਣ।

