ਨਵੀਂ ਦਿੱਲੀ 13,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਸ਼ਨੀਵਾਰ ਨੂੰ ਉਸ ਵੇਲੇ ਕਿਸਾਨ ਅੰਦੋਲਨ ਨੇ ਹੋਰ ਵਿਸ਼ਾਲ ਰੂਪ ਧਾਰ ਲਿਆ ਜਦੋਂ ਪੰਜਾਬ ਤੋਂ ਲੱਖਾਂ ਲੋਕ ਦਿੱਲੀ ਦੀ ਹੱਦ ‘ਤੇ ਜਾ ਪਹੁੰਚੇ। ਇਨ੍ਹਾਂ ਵਿੱਚ ਸਭ ਤੋਂ ਵੱਡਾ ਜਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੀ। ਇਹ ਜਥੇਬੰਦੀ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਪਰ ਇਸ ਨੇ ਮਾਝੇ ਵਿੱਚ ਸੰਘਰਸ਼ ਨੂੰ ਭਖਾਇਆ ਹੋਇਆ ਹੈ। ਜਥੇਬੰਦੀ ਦੇ ਜਥੇ ਵਿੱਚ ਪੰਜਾਬ ਤੇ ਹਰਿਆਣਾ ਵਿੱਚੋਂ ਆਪ ਮੁਹਾਰੇ ਕਿਸਾਨ ਜੁੜਦੇ ਗਏ ਤੇ ਦਿੱਲੀ ਤੱਕ ਪਹੁਚਦਿਆਂ ਇਹ ਕਾਫਲਾ 30 ਕਿਲੋਮੀਟਰ ਲੰਬਾ ਹੋ ਗਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਇੱਥੋਂ ਰਵਾਨਾ ਹੋਇਆ ਕਰੀਬ ਇੱਕ ਲੱਖ ਕਿਸਾਨਾਂ ਦਾ ਜਥਾ ਸ਼ਨੀਵਾਰ ਦਿੱਲੀ ਪਹੁੰਚ ਗਿਆ ਹੈ। ਇਸ ਕਾਫ਼ਲੇ ਨੇ ਸ਼ਾਹਬਾਦ ਦੇ ਗੁਰਦੁਆਰਾ ਡੇਰਾ ਬਾਬਾ ਦਲੇਰ ਸਿੰਘ ਵਿੱਚ ਰਾਤ ਦਾ ਪੜਾਅ ਕੀਤਾ ਸੀ, ਜਿਥੋਂ ਸ਼ਨੀਵਾਰ ਸਵੇਰੇ ਇਹ ਕਾਫਲਾ ਸ਼ਾਹਬਾਦ ਤੋਂ ਕੁੰਡਲੀ ਹੱਦ ਲਈ ਰਵਾਨਾ ਹੋਇਆ, ਜੋ ਸ਼ਾਮ ਵੇਲੇ ਆਪਣੀ ਮੰਜ਼ਲ ’ਤੇ ਪਹੁੰਚ ਗਿਆ। ਕਿਸਾਨਾਂ ਦਾ ਇਹ ਕਾਫ਼ਲਾ ਕਰੀਬ 30 ਕਿਲੋਮੀਟਰ ਲੰਮਾ ਸੀ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਤੇ ਮਜ਼ਦੂਰਾਂ ਨੇ ਉਨ੍ਹਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਉਤਸ਼ਾਹ ਵਿਖਾਇਆ ਹੈ। ਦਰਅਸਲ ਹੁਣ ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਦੇ ਲੋਕ ਆਪ-ਮੁਹਾਰੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਹੁਣ ਇਹ ਨਹੀਂ ਵੇਖਿਆ ਜਾ ਰਿਹਾ ਕਿ ਕਿਹੜੀ ਧਿਰ ਦੀ ਕੀ ਵਿਚਾਰਧਾਰਾ ਹੈ, ਤੇ ਉਸ ਦਾ ਕਿਹੜਾ ਲੀਡਰ ਹੈ। ਕਿਸਾਨ ਸਿਰਫ ਅੰਦੋਲਨ ਦੀ ਜਿੱਤ ਚਾਹੁੰਦੇ ਹਨ।