*ਛਾਤੀ ਦੇ ਕੈਂਸਰ ਦੀ ਛੇਤੀ ਪਛਾਣ ਕਰਨ ਵਾਲਾ ਪ੍ਰੋਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ*

0
27

ਚੰਡੀਗੜ੍ਹ: 31 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਰੋਸ਼ੇ ਪ੍ਰੋਡਕਟਸ ਇੰਡੀਆ ਅਤੇ ਨਿਰਮਈ ਹੈਲਥ ਐਨਾਲਿਟਿਕਸ ਨੇ ਪੰਜਾਬ ਰਾਜ ਵਿੱਚ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ। “ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰੋਜੈਕਟ” ਨਾਮ ਦੀ ਦੀ ਇਸ ਭਾਈਵਾਲੀ, ਜਿਸਨੂੰ ‘ਪਿੰਕ ਪ੍ਰੋਜੈਕਟ’ ਵੀ ਕਿਹਾ ਜਾਂਦਾ ਹੈ, ਤਕਨਾਲੋਜੀ ਸਮਰਥਿਤ ਡਿਜੀਟਲ ਲਾਈਵ ਮਰੀਜ਼ ਟਰੈਕਿੰਗ ਸਹਾਇਤਾ ਦੁਆਰਾ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਸਮੇਂ ਸਿਰ ਪਛਾਣ, ਇਲਾਜ ਦੀ ਸ਼ੁਰੂਆਤ, ਅਤੇ ਮਜ਼ਬੂਤ ਰੈਫਰਲ ਮਾਰਗਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ‘ਤੇ ਧਿਆਨ ਕੇਂਦਰਿਤ ਕਰੇਗੀ।
ਵਿਭਾਗ ਦੀ ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਇਹ ਨਵੀਂ ਜਨਤਕ-ਨਿੱਜੀ ਭਾਈਵਾਲੀ ਕੈਂਸਰ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਬਿਮਾਰੀਆਂ ਦੇ ਬੋਝ ਨੂੰ ਘਟਾਉਣ ਦੀ ਸੰਭਾਵਨਾ ਨੂੰ ਅਸਲ ਹੁਲਾਰਾ ਦਿੰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇੱਕ ਸਾਲ ਦੇ ਅਰਸੇ ਵਿੱਚ ਕੁੱਲ 15,000 ਸ਼ੱਕੀ ਔਰਤਾਂ ਦੀ ਸਕਰੀਨਿੰਗ ਕਰਨ ਦਾ ਟੀਚਾ ਹੈ ਅਤੇ ਪੰਜਾਬ ਸਿਹਤ ਵਿਭਾਗ ਸਕਰੀਨਿੰਗ ਲਈ ਲੋਕਾਂ ਦੀ ਲਾਮਬੰਦੀ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮਦਦ ਨਾਲ ਪ੍ਰਾਪਤ ਕੀਤਾ ਗਿਆ ਵਿਗਿਆਨਕ ਡੇਟਾ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੇ ਫੈਲਣ ਦੀ ਨੀਤੀ ਸਬੰਧੀ ਯੋਜਨਾਬੰਦੀ ਅਤੇ ਮੈਪਿੰਗ ਵਿੱਚ ਹੋਰ ਸਹਾਇਤਾ ਕਰੇਗਾ। ਇਸ ਪ੍ਰੋਜੈਕਟ ਰਾਹੀਂ ਬਿਮਾਰੀ ਉੱਤੇ ਆਉਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇਗਾ ਕਿਉਂਕਿ ਕੈਂਸਰ ਦੇ ਜਲਦੀ ਪਤਾ ਲਗਾਉਣ ਨਾਲ ਬਾਅਦ ਦੇ ਪੜਾਵਾਂ ਵਿੱਚ ਨਿਦਾਨ ਕੀਤੇ ਗਏ ਮਰੀਜ਼ਾਂ ਦੇ ਮੁਕਾਬਲੇ ਇਲਾਜ ਦੀ ਲਾਗਤ ਘੱਟ ਹੋਵੇਗੀ।
ਇਸ ਨਵੇਂ ਡਿਟੈਕਸ਼ਨ ਟੈਸਟ ਦੇ ਮੁੱਖ ਲਾਭਾਂ ਦੀ ਰੂਪਰੇਖਾ ਦੱਸਦੇ ਹੋਏ ਡਾ.ਵਿਜੇ ਸਿੰਗਲਾ ਨੇ ਦੱਸਿਆ ਕਿ ਇਹ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਇੱਕ ਨਵੀਂ ਤਕਨੀਕ ਹੈ, ਜਿਸਨੂੰ ਥਰਮਲਾਈਟਿਕਸ ਕਿਹਾ ਜਾਂਦਾ ਹੈ, ਜਿਸ ਵਿੱਚ ਭਰੋਸੇਯੋਗ, ਛੇਤੀ ਅਤੇ ਸਹੀ ਛਾਤੀ ਦੇ ਕੈਂਸਰ ਦੀ ਜਾਂਚ ਲਈ ਏ.ਆਈ.-ਅਧਾਰਿਤ ਵਿਸ਼ਲੇਸ਼ਣ ਹੱਲ ਨਾਲ ਇੱਕ ਥਰਮਲ ਸੈਂਸਿੰਗ ਯੰਤਰ ਹੈ। ਨਿਰਮਈ ਦੁਆਰਾ ਵਿਕਸਿਤ ਕੀਤੀ ਗਈ ਇਸ ਨਵੀਨ ਵਿਧੀ ਨੂੰ 10 ਯੂ.ਐੱਸ. ਦੇ ਪੇਟੈਂਟ ਦਿੱਤੇ ਹਨ ਅਤੇ ਇਹ ਟੈਸਟ ਮਰੀਜ਼ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
 ਮਿਸ਼ਨ ਡਾਇਰੈਕਟਰ ਐਨ.ਐਚ.ਐਮ ਪੰਜਾਬ ਕਮ ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ “ਅਸੀਂ ਇਸ ਸਾਂਝੇਦਾਰੀ ਲਈ ਬਹੁਤ ਉਤਸ਼ਾਹਿਤ ਹਾਂ, ਜੋ NPCDCS (ਕੈਂਸਰ, ਡਾਇਬੀਟੀਜ਼, ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਸਟ੍ਰੋਕ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ) ਪ੍ਰੋਗਰਾਮ ਅਧੀਨ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਪਹਿਲਾਂ ਹੀ ਚੱਲ ਰਹੇ ਯਤਨਾਂ ਨੂੰ ਮਜ਼ਬੂਤ ਕਰੇਗੀ। 
ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਵੀ. ਸਿੰਪਸਨ ਇਮੈਨੁਅਲ, ਰੋਸੇ ਇੰਡੀਆ ਨੇ ਕਿਹਾ ਕਿ ਰੋਸ਼ੇ ਵਿਖੇ, ਅਸੀਂ ਬਿਹਤਰ, ਮਰੀਜ਼ਾਂ ਦੇ ਤੇਜ਼ ਨਤੀਜੇ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨਾਲ ਮਜ਼ਬੂਤ ਖੜੇ ਹਾਂ ਅਤੇ ਸਿਹਤ ਸੰਭਾਲ ਨੂੰ ਉਹਨਾਂ ਲਈ ਪਹੁੰਚਯੋਗ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਇਸਦੀ ਲੋੜ ਹੈ। ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਜਾਂਚ ਮੌਤ ਦਰ ਨੂੰ ਘਟਾਉਣ ਅਤੇ ਇਲਾਜ ਦੇ ਢੁਕਵੇਂ ਰਸਤੇ ਪ੍ਰਦਾਨ ਕਰਨ ਲਈ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਸਿਹਤ ਵਿਭਾਗ ਅਤੇ ਨਿਰਮਈ ਨਾਲ ਭਾਈਵਾਲੀ ਕੈਂਸਰ ਦੇ ਖੇਤਰ ਦੇ ਅੰਦਰ ਇੱਕ ਬਹੁ-ਅਨੁਸ਼ਾਸਨੀ ਪਹੁੰਚ ਅਪਣਾਏਗੀ, ਜਿਸ ਨਾਲ ਨਾ ਸਿਰਫ਼ ਛਾਤੀ ਦੇ ਕੈਂਸਰ ਦੇ ਇਲਾਜ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ, ਸਗੋਂ ਕੈਂਸਰ ਦੇ ਇਲਾਜ ਲਈ ਠੋਸ ਡਾਕਟਰੀ ਹੱਲ ਵੀ ਮਿਲ ਸਕਣਗੇ।ਰੋਸ਼ ਇੰਡੀਆ ਲਿਮਟਿਡ, ਰਾਜ-ਵਿਆਪੀ ਛਾਤੀ ਦੇ ਕੈਂਸਰ ਪ੍ਰੋਜੈਕਟ ਯੋਜਨਾ ਦੀ ਯੋਜਨਾਬੰਦੀ, ਲਾਗੂਕਰਨ ਅਤੇ ਨਿਗਰਾਨੀ ਲਈ ਇੱਕ ਤਕਨੀਕੀ ਭਾਈਵਾਲ ਵਜੋਂ ਕੰਮ ਕਰੇਗੀ, ਜਿਸ ਨਾਲ ਡਿਜੀਟਾਈਜ਼ੇਸ਼ਨ ਰਾਹੀਂ ਰੈਫਰਲ ਮਾਰਗ ਨੂੰ ਮਜ਼ਬੂਤ ਕੀਤਾ ਜਾਵੇਗਾ। ਡਿਜੀਟਲ ਪ੍ਰਣਾਲੀ ਰਾਹੀਂ ਅੰਕੜਿਆਂ ਨੂੰ ਹਾਸਲ ਕਰਨ ਅਤੇ ਸਰਕਾਰੀ ਅਧਿਕਾਰੀਆਂ ਲਈ ਐਮ.ਆਈ.ਐਸ. ਰਿਪੋਰਟਾਂ ਤਿਆਰ ਕਰਨ ਲਈ ਅਤੇ ਸਕ੍ਰੀਨ ਕੀਤੇ ਮਰੀਜ਼ਾਂ ਦੀ ਜੀ.ਆਈ.ਐਸ ਮੈਪਿੰਗ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

 ਨਿਰਮਈ ਦੇ ਸੰਸਥਾਪਕ ਅਤੇ ਸੀਈਓ ਡਾ: ਗੀਤਾ ਮੰਜੂਨਾਥ ਨੇ ਐਮ.ਓ.ਯੂ. ਦਸਤਖਤ ਸਮਾਗਮ ਵਿੱਚ ਬੋਲਦਿਆਂ ਕਿਹਾ, ‘ਛਾਤੀ ਦਾ ਕੈਂਸਰ ਸਭ ਤੋਂ ਗੰਭੀਰ ਕੈਂਸਰ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ 90,000 ਤੋਂ ਵੱਧ ਭਾਰਤੀ ਔਰਤਾਂ ਦੀ ਮੌਤ ਹੋ ਜਾਂਦੀ ਹੈ। ਨਿਰਮਾਈ ਥਰਮਲਟਿਕਸ ਇੱਕ ਪੋਰਟੇਬਲ, ਸਹੀ ਅਤੇ ਸਵੈਚਾਲਤ ਟੈਸਟ ਹੈ ਜੋ ਕਿ ਇੱਕ ਪਿੰਡ ਦੇ ਸਿਹਤ ਕਰਮਚਾਰੀ ਦੁਆਰਾ ਛਾਤੀ ਦੇ ਕੈਂਸਰ ਦੀਆਂ ਸ਼ੱਕੀ ਔਰਤਾਂ ਦੀ ਪਛਾਣ ਕਰਨ ਲਈ ਕੀਤਾ ਜਾ ਸਕਦਾ ਹੈ। ਅਸੀਂ ਇਸ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਰੋਸ਼ ਇੰਡੀਆ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ। ਅਸੀਂ ਹਜ਼ਾਰਾਂ ਜਾਨਾਂ ਬਚਾਉਣ ਲਈ ਸਾਰੇ ਰਾਜਾਂ ਵਿੱਚ ਇਸ ਨੂੰ ਲਾਹੂ ਕਰਨ ਦੀ ਉਮੀਦ ਕਰਦੇ ਹਾਂ।’ ਉਨ੍ਹਾਂ ਅੱਗੇ ਦੱਸਿਆ ਕਿ ਨਿਰਮਈ ਸਾਫਟਵੇਅਰ ਦੀ ਕੋਰ ਤਕਨੀਕ ਨੂੰ ਛਾਤੀ ਦੇ ਕੈਂਸਰ ਦੀ  ਭਰੋਸੇਯੋਗ ਅਤੇ ਸਹੀ ਜਾਂਚ ਲਈ ਪੇਟੈਂਟ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਮਰੀਜ਼ ਦੀ ਗੋਪਨੀਯਤਾ ਦਾ ਸਨਮਾਨ ਕਰਦੇ ਹਨ।
ਇਹ ਭਾਈਵਾਲੀ ਰਾਜ ਨੂੰ ਕੈਂਸਰ ਦੀ ਬਿਮਾਰੀ ਬਾਰੇ ਖੋਜ, ਇਸਦੇ ਲੱਛਣਾਂ , ਕਲੀਨਿਕਲ ਵਿਸ਼ੇਸ਼ਤਾਵਾਂ, ਨਿਦਾਨ ਅਤੇ ਇਲਾਜ ਦੇ ਮਾਰਗਾਂ ‘ਤੇ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਸੈਸ਼ਨ ਵੀ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਸਕ੍ਰੀਨਿੰਗ ਲਈ ਆਬਾਦੀ ਦੀ ਲਾਮਬੰਦੀ ਨੂੰ ਯਕੀਨੀ ਬਣਾਏਗੀ ਜਿਸ ਨੂੰ ਨਿਰਮਈ ਹੈਲਥ ਐਨਾਲਿਟਿਕਸ ਅਤੇ ਰੋਸ਼ੇ ਫਾਰਮਾ ਇੰਡੀਆ ਦੁਆਰਾ ਸਹਿਯੋਗ ਦਿੱਤਾ ਜਾਵੇਗਾ।——–ਫੋਟੋ ਕੈਪਸ਼ਨ: ਐਮ.ਡੀ.ਐਨ.ਐਚ.ਐਮ.ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾਕਟਰ ਜੀ. ਬੀ. ਸਿੰਘ, ਡਾਕਟਰ ਸਨਦੀਪ ਸਿੰਘ ਪ੍ਰੋਗਰਾਮ ਅਫਸਰ ਨਿਰਮਾਈ ਅਤੇ ਰੋਸ਼ ਦੇ ਅਧਿਕਾਰੀ ਐਮ.ਉ.ਯੂ. ਤੇ ਦਸਤਖ਼ਤ ਕਰਨ ਉਪਰੰਤ।———

NO COMMENTS