
ਤਰਨ ਤਾਰਨ 23 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਕੰਡਿਆਲੀ ਤਾਰ ਦਾ ਗੇਟ ਪਾਰ ਕਰਕੇ ਸਰਹੱਦ ਪਾਰ ਖੇਤੀ ਕਰਨ ਗਏ ਪੰਜ ਕਿਸਾਨਾਂ ਕੋਲੋਂ ਬੀਐਸਐਫ ਨੇ ਇੱਕ ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਘਟਨਾ ਖਾਲੜਾ ਸੈਕਟਰ ਅਧੀਨ ਆਉਂਦੇ ਬੀਐਸਐਫ ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ਦੇ ਇਲਾਕੇ ਦੀ ਹੈ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕਿਸਾਨਾਂ ਨੇ ਚੱਪਲਾਂ ਦੇ ਤਲਿਆਂ ‘ਚ ਲੁਕਾ ਕੇ ਹੈਰੋਇਨ ਲਿਆਉਣ ਦੀ ਕੋਸ਼ਿਸ਼ ਕੀਤੀ।
ਮੁਲਜ਼ਮਾਂ ਨੂੰ ਮੌਕੇ ਤੇ ਕਾਬੂ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪਛਾਣ ਪੰਜਾਬ ਸਿੰਘ, ਨਛੱਤਰ ਸਿੰਘ, ਰਾਜ ਸਿੰਘ, ਨਿਰਮਲ ਸਿੰਘ ਤੇ ਬਿਕਰਮ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਮੁਲਜ਼ਮ ਰੋਜ਼ਾਨਾ ਦੀ ਤਰ੍ਹਾਂ ਕੰਡਿਆਲੀ ਤਾਰ ਦੇ ਗੇਟ ਨੰਬਰ 140/01 ਤੋਂ ਖੇਤੀ ਕਰਨ ਗਏ ਸੀ। ਜਦੋਂ ਸ਼ਾਮੀ ਕਰੀਬ 4 ਵਜੇ ਵਾਪਸ ਆਏ ਤਾਂ ਬੀਐਸਐਫ ਜਵਾਨਾਂ ਵੱਲੋਂ ਸ਼ੱਕ ਦੇ ਅਧਾਰ ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਉਕਤ ਵਿਅਕਤੀਆਂ ਦੀਆਂ ਚੱਪਲਾਂ ਦੀ ਜਾਂਚ ਕੀਤੇ ਜਾਣ ਤੇ 22 ਪੈਕਟ ਹੈਰੋਇਨ ਜਿਸ ਦਾ ਵਜ਼ਨ ਇੱਕ ਕਿਲੋ 120 ਗ੍ਰਾਮ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ।

