ਚੰਡੀਗੜ੍ਹ 18,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰਾਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ ਮਿਲੇ ਕਰੋੜਾਂ ਰੁਪਏ ਉਨ੍ਹਾਂ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਲੁੱਟ ਅਤੇ ਮਾਫੀਆ ਦਾ ਪੈਸੇ ਹੈ। ਚੱਢਾ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਜਦੋਂ ਚੰਨੀ ਨੇ 111 ਦਿਨਾਂ ਵਿੱਚ ਐਨੀ ਕਮਾਈ ਕੀਤੀ ਤਾਂ ਸੋਚੋ ਕਿ ਜੇਕਰ ਉਹ ਪੰਜ ਸਾਲ ਮੁੱਖ ਮੰਤਰੀ ਹੁੰਦੇ ਤਾਂ ਕਿੰਨੀ ਕਮਾਈ ਕਰਦੇ ।
ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਮੁੱਖ ਮੰਤਰੀ ਚੰਨੀ ਆਪਣੇ ਇਲਾਕੇ ਵਿੱਚ ਰੇਤ ਮਾਫੀਆ ਚਲਾ ਰਹੇ ਹਨ ਅਤੇ ਰੇਤ ਮਾਫੀਆ ਨਾਲ ਮਿਲ ਕੇ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਰੋੜਾਂ ਰੁਪਏ ਕਮਾਏ ਹਨ। ਅੱਜ ਈਡੀ ਦੇ ਛਾਪੇ ਵਿੱਚ ਮਿਲੇ ਕਰੋੜਾਂ ਰੁਪਏ ਨਾਲ ਉਨ੍ਹਾਂ (ਆਪ) ਦੀ ਗੱਲ ਸਹੀ ਸਾਬਤ ਹੋ ਗਈ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਤੋਂ ਹੁਣ ਤੱਕ 56 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਦੀ ਜਾਣਕਾਰੀ ਮਿਲੀ ਹੈ। ਬਹੁਤ ਸਾਰਾ ਸੋਨਾ ਅਤੇ ਕਈਂ ਜ਼ਮੀਨਾਂ ਦੇ ਕਾਗਜ਼ ਬਰਾਮਦ ਹੋਏ ਹਨ। ਆਮ ਆਦਮੀ ਹੋਣ ਦਾ ਢੌਂਗ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸਦਾ ਜਵਾਬ ਦੇਣ ਕਿ ਕਿਥੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਇੰਨਾ ਪੈਸਾ ਆਇਆ?
ਚੱਢਾ ਨੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਚੰਨੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ ਪਰ ਜੇ ਚੰਨੀ ਦੇ ਘਰ ਇਹ ਛਾਪੇਮਾਰੀ ਹੁੰਦੀ ਤਾਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿੰਨੇ ਕਰੋੜ ਰੁਪਏ ਮਿਲਦੇ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਵੀ ਈਡੀ ਵੱਲੋਂ ਛਾਪਾ ਮਾਰਿਆ ਸੀ ਤਾਂ ਈਡੀ ਨੂੰ ਉਨ੍ਹਾਂ ਦੇ ਘਰੋਂ 10 ਮਫ਼ਲਰ ਮਿਲੇ ਸਨ। ਉਥੇ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ 10 ਕਰੋੜ ਰੁਪਏ ਮਿਲੇ ਹਨ। ਇਹੀ ਫ਼ਰਕ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ।
ਚੱਢਾ ਨੇ ਸਵਾਲ ਕੀਤਾ ਕਿ ਚੰਨੀ ਦੇ ਰਿਸ਼ਤੇਦਾਰਾਂ ਕੋਲ ਇੰਨੀ ਜਾਇਦਾਦ, ਗੱਡੀਆਂ ਅਤੇ ਪੈਸਾ ਕਿੱਥੋਂ ਆਇਆ? ਉਨ੍ਹਾਂ ਨੇ ਆਪਣੇ ਹੋਰ ਕਿੰਨੇ ਰਿਸ਼ਤੇਦਾਰਾਂ ਨੂੰ ਕਰੋੜਪਤੀ ਬਣਾਇਆ ਹੈ ? 111 ਦਿਨਾਂ ‘ਚ ਜੇਕਰ ਉਨ੍ਹਾਂ ਦੇ ਭਤੀਜੇ ਨੇ ਇੰਨੇ ਪੈਸੇ ਕਮਾਏ ਤਾਂ ਮੁੱਖ ਮੰਤਰੀ ਚੰਨੀ ਨੇ ਕਿੰਨੇ ਕਮਾਏ ਹੋਣਗੇ? ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਜਵਾਬ ਦੇਣ ਅਤੇ ਆਪਣਾ ਪੱਖ ਸਪੱਸ਼ਟ ਕਰਨ। ਚੱਢਾ ਨੇ ਕਿਹਾ ਈ.ਡੀ. ਦੇ ਛਾਪੇ ਖ਼ਤਮ ਨਹੀਂ ਹੋਏ, ਇਸ ਲਈ ਬਰਾਮਦ ਹੋਏ ਪੈਸੇ ਦੀ ਰਕਮ ਹੋਰ ਵਧੇਗੀ। ਮੁੱਖ ਮੰਤਰੀ ਬਣਨ ਤੋਂ ਪਹਿਲਾ ਚੰਨੀ ਦੇ ਭਤੀਜੇ ਅਤੇ ਰਿਸਤੇਦਾਰਾਂ ਕੋਲ ਐਨੇ ਪੈਸੇ ਨਹੀਂ ਸਨ। ਮੁੱਖ ਮੰਤਰੀ ਬਣਨ ਤੋਂ ਬਾਅਦ ਅਜਿਹਾ ਕੀ ਹੋ ਗਿਆ ਕਿ ਉਨ੍ਹਾਂ ਕੋਲ ਕਰੋੜਾਂ ਰੁਪਏ ਆ ਗਏ। ਇਸ ਦਾ ਸਾਫ਼ ਮਤਲਬ ਹੈ ਕਿ ਚੰਨੀ ਦੇ ਪਰਿਵਾਰ ਅਤੇ ਰਿਸਤੇਦਾਰਾਂ ਨੇ ਸੱਤਾ ਦਾ ਦੁਰਪ੍ਰਯੋਗ ਕਰਕੇ ਪੈਸੇ ਕਮਾਏ ਹਨ।
ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਵਿੱਚ ਗੈਰ ਕਾਨੂੰਨੀ ਖਣਨ ਵਾਲੀ ਥਾਂ ਦਾ ਪਰਦਾਫ਼ਾਸ਼ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਇਲਾਕੇ ਵਿੱਚ ਰੇਤ ਮਾਫੀਆ ਖੁਦ ਚੰਨੀ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦਾ ਕਮੀਸ਼ਨ ਮੁੱਖ ਮੰਤਰੀ ਚੰਨੀ ਅਤੇ ਰਿਸਤੇਦਾਰਾਂ ਕੋਲ ਜਾ ਰਿਹਾ ਹੈ। ਪਰ ਉਸ ਸਮੇਂ ਚੰਨੀ ਨੇ ਉਨ੍ਹਾਂ ਨੂੰ (ਚੱਢਾ) ਨੂੰ ਬਹੁਤ ਬੁਰਾ ਭਲਾ ਕਿਹਾ ਸੀ, ਧਮਕੀਆਂ ਦਿੱਤੀਆਂ ਸਨ। ਚੱਢਾ ਨੇ ਕਿਹਾ ਕਿ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ। ਅੱਜ ਈ.ਡੀ ਦੇ ਛਾਪੇ ਤੋਂ ਬਾਅਦ ਰੇਤ ਮਾਫੀਆ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਹੀ ਰੇਤ ਮਾਫੀਆ ਦੇ ਸਰਗਣਾ ਹਨ। ਆਉਣ ਵਾਲੀਆਂ ਚੋਣਾ ਵਿੱਚ ਪੰਜਾਬ ਦੀ ਜਨਤਾ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਨੂੰ ਜਵਾਬ ਜ਼ਰੂਰ ਦੇਵੇਗੀ।