ਚੰਡੀਗੜ੍ਹ 05 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਚੋਣਾਂ ‘ਚ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਘਰੇਲੂ ਫਰੰਟ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Sand Mining) ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਉਸ ਦੇ ਭਤੀਜੇ ਭੁਪਿੰਦਰ ਸਿੰਘ ਹਨੀ (Bhupinder SIngh Honey) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮੰਨਿਆ ਹੈ ਕਿ ਉਸ ਨੂੰ ਰੇਤ ਦੀ ਖੁਦਾਈ ਲਈ 10 ਕਰੋੜ ਰੁਪਏ ਨਕਦ ਮਿਲੇ ਸੀ। ਈਡੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪੰਜਾਬ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਈਡੀ ਨੇ 3 ਫਰਵਰੀ ਨੂੰ ਜਲੰਧਰ ਵਿੱਚ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕੀਤਾ ਸੀ। ਭਪਿੰਦਰ ਸਿੰਘ ਮੰਗਲਵਾਰ ਤੱਕ ਈਡੀ ਦੀ ਹਿਰਾਸਤ ਵਿੱਚ ਹੈ। ਇਸ ਮਾਮਲੇ ਵਿੱਚ ਦਰਜ ਐਫਆਈਆਰ ਮੁਤਾਬਕ ਈਡੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਲਿਕਪੁਰ ਤੋਂ ਇਲਾਵਾ ਬੁਰਜਟਾਹਲ ਦਾਸ, ਬਰਸਾਲ, ਲੇਲੇਵਾਲ, ਮੰਡਲਾ ਅਤੇ ਖੋਸਾ ਵਿੱਚ ਵੀ ਗ਼ੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ।
ED ਨੇ ਕੀ ਕਿਹਾ?
ਈਡੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਛਾਪੇਮਾਰੀ ਦੌਰਾਨ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ (ਹਨੀ), ਹਨੀ ਦੇ ਪਿਤਾ ਸੰਤੋਖ ਸਿੰਘ ਅਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਹਨ ਅਤੇ ਇਨ੍ਹਾਂ ਬਿਆਨਾਂ ਤੋਂ ਇਹ “ਸਥਾਪਿਤ” ਹੋਇਆ ਹੈ ਕਿ 10 ਕਰੋੜ ਰੁਪਏ ਜ਼ਬਤ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਭੁਪਿੰਦਰ ਸਿੰਘ, ਪੁੱਤਰ ਸੰਤੋਖ ਸਿੰਘ ਦੀ ਸੀ।
ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ, “ਭੁਪਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਉਸ ਨੇ ਰੇਤ ਦੀ ਖੁਦਾਈ ਨਾਲ ਸਬੰਧਤ ਗਤੀਵਿਧੀਆਂ ਅਤੇ ਅਧਿਕਾਰੀਆਂ ਦੀ ਨਿਯੁਕਤੀ/ਤਬਾਦਲਿਆਂ ਵਿੱਚ ਮਦਦ ਕਰਨ ਲਈ ਜ਼ਬਤ ਕੀਤੀ ਰਕਮ ਪ੍ਰਾਪਤ ਕੀਤੀ ਸੀ।”
ਈਡੀ ਨੇ ਕਿਹਾ ਕਿ ਹਨੀ ਨੂੰ ਕੁਝ ਦਸਤਾਵੇਜ਼ਾਂ ਦੇ ਨਾਲ 3 ਫਰਵਰੀ ਨੂੰ ਏਜੰਸੀ ਦੇ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਜਾਂਚ ਏਜੰਸੀ ਮੁਤਾਬਕ, “ਹਨੀ ਨੇ ਪੇਸ਼ ਹੋ ਕੇ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਸਨੇ ਕਿਹਾ ਕਿ ਉਹ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ, ਪਰ ਜਦੋਂ ਅਪਰਾਧਕ ਅੰਕੜੇ ਸਾਹਮਣੇ ਆਏ ਤਾਂ ਉਹ ਆਨਾਕਾਨੀ ਕਰਨ ਲੱਗਿਆ।”