27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਅੱਜ ਰਾਹੁਲ ਗਾਂਧੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਜਲੰਧਰ ‘ਚ ‘ਨਵੀ ਸੋਚ ਨਵਾਂ ਪੰਜਾਬ’ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੇ ਰਾਹੁਲ ਤੋਂ ਮੁੱਖ ਮੰਤਰੀ ਚਿਹਰੇ ਦੀ ਮੰਗ ਕੀਤੀ ਸੀ।
ਰਾਹੁਲ ਗਾਂਧੀ ਅੱਜ ਜਲੰਧਰ ਦੇ ਮਿੱਠਾਪੁਰ ਵਿੱਚ ਵਰਚੂਅਲ ਰੈਲੀ ਕਰਨ ਪਹੁੰਚੇ। ਇਸ ਮੌਕੇ ਨਵਜੋਤ ਸਿੱਧੂ ਨੇ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ।ਸਿੱਧੂ ਨੇ ਰਾਹੁਲ ਗਾਂਧੀ ਤੋਂ ਫੈਸਲੇ ਲੈਣ ਦੀ ਪਾਵਰ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ।ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰਕੇ ਜਾਣ ਪੂਰੀ ਕਾਂਗਰਸ ਉਸ ਫੈਸਲੇ ਨੂੰ ਮਨ੍ਹੇਗੀ।
ਇਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਹੀ ਕਿਹਾ ਕਿ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰ ਦੇਣ ਉਹ ਫੈਸਲੇ ਦਾ ਸਵਾਗਤ ਕਰਨਗੇ।
ਆਨਲਾਈਨ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ‘ਚ ਕਾਂਗਰਸ ਦੀ ਅਗਵਾਈ ਕੌਣ ਕਰੇਗਾ? ਦੋਵਾਂ ਨੇ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਆਪਣੀ ਪੂਰੀ ਤਾਕਤ ਨਾਲ ਮਦਦ ਕਰੇਗਾ।”
ਰਾਹੁਲ ਗਾਂਧੀ ਨੇ ਅੱਗੇ ਕਿਹਾ, ”ਜੇਕਰ ਕਾਂਗਰਸ ਚਾਹੇ ਅਤੇ ਵਰਕਰ ਚਾਹੇ ਅਤੇ ਪੰਜਾਬ ਚਾਹੇ ਤਾਂ ਅਸੀਂ ਮੁੱਖ ਮੰਤਰੀ ਦਾ ਫੈਸਲਾ ਲਵਾਂਗੇ। ਇਸ ਬਾਰੇ ਆਪਣੇ ਵਰਕਰਾਂ ਨੂੰ ਪੁੱਛਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।”