*ਚੰਡੀਗੜ੍ਹ ਮੰਗ ਪੱਤਰ ਦੇਣ ਆਏ ਕਿਸਾਨ ਆਗੂਆਂ ਤੇ ਪਰਚੇ ਦਰਜ ਹੋਣ ਮਗਰੋਂ, ਜਥੇਬੰਦੀਆਂ ਲਿਆ ਸਖ਼ਤ ਨੋਟਿਸ, ਦਿੱਤੀ ਚੇਤਾਵਨੀ*

0
38

ਬਰਨਾਲਾ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਖੇਤੀ  ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੱਲ੍ਹ 26 ਜੂਨ ਨੂੰ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੰਗ ਪੱਤਰ ਦੇਣ ਗਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਚੰਡੀਗੜ੍ਹ ਪੁਲੀਸ ਵੱਲੋਂ ਪਰਚੇ ਦਰਜ ਕੀਤੇ ਗਏ ਹਨ।

ਇਨ੍ਹਾਂ ਦਰਜ ਪਰਚਿਆਂ ਵਿਚ ਲੋਕ  ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਰਾਜਿੰਦਰ ਸਿੰਘ, ਦੀਪ ਸਿੰਘ ਵਾਲਾ, ਗਾਇਕ ਜੱਸ ਬਾਜਵਾ ,ਲੱਖਾ ਸਧਾਣਾ, ਸੋਨੀਆ ਮਾਨ ਸਮੇਤ ਅਣਪਛਾਤੇ ਵਿਅਕਤੀਆਂ ਤੇ ਪਰਚੇ ਦਰਜ ਕੀਤੇ ਗਏ ਹਨ।ਇਨ੍ਹਾਂ ਦਰਜ ਕੀਤੇ ਗਏ ਪਰਚਿਆਂ ਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।

ਬਰਨਾਲਾ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਦੋਵੇਂ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਹੀ ਮਾਮਲੇ ਦਰਜ ਹੋਣ ਦਾ ਪਤਾ ਲੱਗਿਆ ਹੈ ਤੇ ਅਸੀਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦੀ ਸਖ਼ਤ ਨਿੰਦਿਆ ਕਰਦੇ ਹਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹ ਮਾਮਲੇ ਬਿਨਾਂ ਕਿਸੇ ਦੇਰੀ ਰੱਦ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਸੀ ਤੇ ਸ਼ਾਂਤਮਈ ਹੀ ਰਿਹਾ ਹੈ।ਪੁਲੀਸ ਵੱਲੋਂ ਹੀ ਪਹਿਲਾਂ ਲਾਠੀਚਾਰਜ ਕੀਤਾ ਗਿਆ ਸੀ ਜਿਸ ਕਰਕੇ ਥੋੜ੍ਹੀ ਬਹੁਤੀ ਧੱਕਾਮੁੱਕੀ ਹੋਈ ਹੈ।ਦੋਵੇਂ ਆਗੂਆਂ ਦੱਸਿਆ ਕਿ ਪਹਿਲਾਂ ਪੁਲੀਸ ਵੱਲੋਂ ਲਾਠੀਚਾਰਜ ਅਤੇ ਵਾਟਰ ਕੈਨਨ ਚਲਾਇਆ ਗਿਆ ਉਸ ਤੋਂ ਬਾਅਦ ਹੀ ਨੌਜਵਾਨਾਂ ਵੱਲੋਂ ਬੈਰੀਕੇਡ ਤੋੜੇ ਗਏ ਸਨ। 

ਪੁਲੀਸ ਨੇ ਲਾਠੀਚਾਰਜ ਕਰ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਸਥਿਤੀ ਨਹੀਂ ਬਣਾਈ ਗਈ।ਆਪਣਾ ਮੰਗ ਪੱਤਰ ਦੇਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਹੀ ਕੀਤਾ ਗਿਆ ਹੈ। ਦੋਵੇਂ ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਅਸੀਂ ਸੰਯੁਕਤ ਮੋਰਚਾ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਉਠਾਵਾਂਗੇ। 

ਉਨ੍ਹਾਂ ਪਹਿਲਾਂ ਮੰਗ ਕੀਤੀ ਕਿ ਚੰਡੀਗੜ੍ਹ ਪ੍ਰਸਾਸ਼ਨ ਜਲਦੀ ਤੋਂ ਜਲਦੀ ਇਹ ਮਾਮਲਾ ਰੱਦ ਕਰੇ ਨਹੀਂ ਤਾਂ ਪਰਚੇ ਰੱਦ ਕਰਾਉਣ ਲਈ ਹੋਰ ਵੀ ਸਖਤ ਐਕਸ਼ਨ ਜਥੇਬੰਦੀਆਂ ਵੱਲੋਂ ਲਿਆ ਜਾ ਸਕਦਾ ਹੈ।  ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਬੀਜੇਪੀ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਜਾਰੀ ਰਹੇਗਾ ਜਿਸ ਵੀ ਸੂਬੇ ਵਿੱਚ ਵਿਧਾਨ ਸਭਾ ਦੀ ਚੋਣ ਆਵੇਗੀ ਉਸ ਵਿੱਚ ਬੀਜੇਪੀ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ  ਕੇ ਸੰਯੁਕਤ ਮੋਰਚੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਯੂਪੀ ਦੇ ਵਿੱਚ ਬੀਜੇਪੀ ਦਾ ਵਿਰੋਧ ਮੁਕੰਮਲ ਤੌਰ ਤੇ ਕੀਤਾ ਜਾਵੇਗਾ ਇਹ ਫੈਸਲਾ ਹੋ ਗਿਆ ਹੈ।

LEAVE A REPLY

Please enter your comment!
Please enter your name here