ਚੰਡੀਗੜ 28,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼): ਅੱਜ ਬੀਜੇਪੀ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਅਤੇ ਗਜੇਂਦਰ ਸ਼ੇਖਾਵਤ ਚੰਡੀਗੜ ਪਹੁੰਚੇ। ਬੀਜੇਪੀ ਦੇ ਮੰਤਰੀਆਂ ਵਲੋਂ ਅੱਜ ਚੰਡੀਗੜ ‘ਚ ਮੀਟਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ‘ਨਵਾਂ ਪੰਜਾਬ ਬੀਜੇਪੀ ਦੇ ਨਾਲ’ ਪੋਸਟਰ ਬੀਜੇਪੀ ਵਲੋਂ ਜਾਰੀ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕੇਂਦਰ ਸਰਕਾਰ ਸਬਕਾ ਸਾਥ, ਸਬਕਾ ਵਿਸ਼ਵਾਸ, ਸਭ ਕਾ ਵਿਕਾਸ ਦੇ ਮੂਲ ਮੰਤਰ ‘ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ਼ ਬਹਾਲ ਹੋਇਆ ਹੈ। ਨਵਾਂ ਪੰਜਾਬ ਦਾ ਪ੍ਰੋਗਰਾਮ ਭਾਜਪਾ ਨਾਲ ਸ਼ੁਰੂ ਕੀਤਾ ਹੈ ਅਤੇ ਭਾਜਪਾ ਵਰਕਰ ਇਸ ਪ੍ਰੋਗਰਾਮ ਨੂੰ ਬੂਥ ਲੈਵਲ ਤੱਕ ਲੈ ਕੇ ਜਾਣਗੇ। ਮਾਫੀਆ ਰਾਜ ਨੂੰ ਖਤਮ ਕੀਤਾ ਜਾਵੇਗਾ। ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਪ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਪੰਜਾਬ ਵਿੱਚ ਡਰ ਅਤੇ ਮਾਫੀਆ ਰਾਜ ਹੈ। ਭਾਜਪਾ ਇਸ ਰਾਜ ਨੂੰ ਬਦਲਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ 1984 ਦੇ ਦੰਗਿਆਂ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਲੋਕ ਇਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੀ ਉਡੀਕ ਕਰ ਰਹੇ ਸਨ, ਉਹ ਮੋਦੀ ਸਰਕਾਰ ਨੇ ਕਰ ਦਿੱਤਾ ਹੈ। ਕਰਤਾਪੁਰ ਲਾਂਘਾ ਖੁੱਲ੍ਹਣਾ ਮੋਦੀ ਸਰਕਾਰ ਦਾ ਤੋਹਫ਼ਾ ਹੈ। ਬਲੈਕਲਿਸਟ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਸਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋੜਨ ਤੋਂ ਬਾਅਦ ਹੁਣ ਭਾਜਪਾ ਪੂਰੀਆਂ 117 ਸੀਟਾਂ ‘ਤੇ ਚੋਣ ਲੜੇਗੀ ਅਤੇ ਭਾਜਪਾ ਦੀ ਸਰਕਾਰ ਬਣੇਗੀ। ਸਾਰੀਆਂ ਮੁਸੀਬਤਾਂ ਦੇ ਬਾਵਜੂਦ ਹਾਲ ਹੀ ‘ਚ 5000 ਲੋਕ ਭਾਜਪਾ ‘ਚ ਸ਼ਾਮਲ ਹੋਏ ਹਨ। ਭਾਰਤ ਸਰਕਾਰ ਨਾਲ ਖੁੱਲ੍ਹ ਕੇ ਕਿਸਾਨਾਂ ਨਾਲ ਗੱਲ ਕੀਤੀ ਹੈ।
ਸ਼ੇਖਾਵਤ ਨੇ ਕਿਹਾ ਭਟਕੇ ਲੋਕਾਂ ਨੂੰ ਛੱਡ ਕੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਦੇ ਫੈਸਲਿਆਂ ਦੇ ਨਾਲ ਹਨ। ਪਰ ਫਿਰ ਵੀ ਮੋਦੀ ਸਰਕਾਰ ਲੋਕਾਂ ਨਾਲ ਗੱਲ ਕਰਨ ਲਈ ਹਮੇਸ਼ਾ ਤਿਆਰ ਹੈ। ਫਸਲ ਦੀ ਖਰੀਦ ਨੂੰ ਲੈ ਕੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਸਨ ਪਰ ਖਰੀਦ ਵਧ ਗਈ ਹੈ। ਉਨ੍ਹਾਂ ਕਿਹਾ ਅੱਤਵਾਦ ਅਤੇ ਇਸ ਦੇ ਫੈਲਾਅ ਦੇ ਤਰੀਕਿਆਂ ‘ਚ ਬਦਲਾਅ ਆਇਆ ਹੈ। ਪਹਿਲਾਂ ਸੁਰੰਗਾਂ ਪੁੱਟ ਕੇ ਦਹਿਸ਼ਤ ਫੈਲਾਈ ਜਾਂਦੀ ਸੀ, ਹੁਣ ਇਹ ਸਭ ਡਰੋਨਾਂ ਰਾਹੀਂ ਹੋ ਰਿਹਾ ਹੈ ਤੇ ਨਸ਼ੇ ਤੇ ਹਥਿਆਰ ਭੇਜੇ ਜਾ ਰਹੇ ਹਨ। ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਹੋਣ ‘ਤੇ ਕੀ ਸੰਘਵਾਦ ਨੂੰ ਖ਼ਤਰਾ ਸੀ। ਪੰਜਾਬ ਦੇ ਲੋਕ ਭਾਜਪਾ ਵੱਲ ਦੇਖ ਰਹੇ ਹਨ ਤੇ ਭਾਜਪਾ ਪੰਜਾਬ ਵਿੱਚ ਨਵਾਂ ਇਤਿਹਾਸ ਬਣਾਏਗੀ